Share

Share |

ਗੱਲਾਂ

ਲੇਖ ਲਿਖਦੇ ਨੇ ਲੋਕ ਬਿਗਾਨਿਆਂ ਦੇ,
ਦੱਸਣ ਨਾਲ ਤਫ਼ਸੀਲ ਦੇ ਉਹ ਗੱਲਾਂ।

ਪੀੜ੍ਹੀ ਆਪਣੀ ਹੇਠ ਦਾ ਨਾ ਫ਼ਿਰੇ ਸੋਟਾ,
ਐਬ ਹੋਰਾਂ ਦੇ ਫੋਲਣੇ, ਕੀ ਗੱਲਾਂ?

ਜਿਹੜੇ ਯਾਰ ਨੇ ਯਾਰ ਕੋਲ ਦਿਲ ਫੋਲੇ,
ਕਰੇ ਰਾਜ਼ ਨਾ ਰਾਜ਼ ਨੂੰ ਉਹ ਗੱਲਾਂ।

ਬੱਦਲਾਂ ਵਾਂਗ ਵਲਵਲੇ ਗਰਜਦੇ ਨੇ,
ਖੌਲੇ ਸਾਗਰ ਜਿਉਂ ਮਾਰ ਮਾਰ ਛੱਲਾਂ।

ਕਦੇ ਜਾਪਦੈ ਤੋੜ ਕੇ ਤੰਦ ਤਾਣਾ,
ਕੋਈ ਨੁੱਕਰ ਪਹਾੜ ਦੀ ਜਾ ਮੱਲਾਂ।

ਛੱਡ ਭੱਜਣਾ ਜੱਗ ਇਹ ਨਹੀਂ ਸੌਖਾ,
ਮਨ ਮੋੜਦਾਂ ਮਾਰ ਕੇ ਹੋਰ ਗੱਲਾਂ।

ਦਿਲ ਵਿੱਚ ਲੁਕਿਆ ਜੋ ਦੱਸੀ ਜਾਦਾਂ,
ਕੰਨ ਲਾ ਕੇ ਸੁਣੀ ਜਾ ਤੂੰ ਗੱਲਾਂ।

ਨਿੱਘਰਾ ਸਿੱਘਰੀ ਆ ਗਈ ਓਇ ਸ਼ਮੀ,
ਸਮਝੇ ਹੋਰ ਤੇ ਹੁੰਦੀਆ ਹੋਰ ਗੱਲਾਂ।

ਕਲਯੁਗੀ ਬਾਬੇ

ਧਰਮ ਕਰਮ ਦੇ ਨਾਂ ਤੇ ਸ਼ਰਮ ਲਾਹੀ,
ਖੌਰੂ ਪਾਇਆ ਕਲਯੁਗੀ ਬਾਬਿਆਂ ਨੇ।
ਕੀ ਦੱਸੀਏ ਕੀ ਕੀ ਕਰਨ ਖੇਡਾਂ,
ਪੁੱਠੇ ਛੇੜ ਲਏ ਰਾਗ ਅਜਾਬਿਆਂ ਨੇ।
ਬਣ ਭੂਤਨੇ ਕੱਢ ਦੇਣ ਭੂਤ ਚਿੰਬੜੇ,
ਕੰਮ ਸਾਰਦੇ ਨਾਲ ਡਰਾਬਿਆਂ ਦੇ।
ਸਿੱਧੀ ਗੱਲ ਹੈ ਰੱਬ ਦੇ ਨਾਲ ਸਾਡੀ,
ਬੰਦਾ ਦੱਬਿਆ ਰਬ ਦੇ ਦਾਬਿਆਂ ਨੇ।
ਨਿੱਕੇ ਮੋਟੇ ਉਧਾਲਦੇ ਫਿਰਨ ਰੰਨਾਂ,
ਕੀਤੇ ਕਬਜੇ ਕਈ ਖਰਾਬਿਆਂ ਨੇ।
ਠੱਗ ਚੋਰ ਲੁਟੇਰੇ ਵੀ ਖੜ੍ਹੇ ਵੇਖਣ,
ਕੰਮ ਕੀਤੇ ਜੋ ਬੇਹਿਸਾਬਿਆਂ ਨੇ।
ਘੁਣ ਵਾਂਗ ਖੇਤਾਂ ਨੂੰ ਖਾਣ ਡੇਰੇ,
ਕੈਸਾ ਸੁੱਟਿਆ ਜਾਲ ਹੈ ਬਾਬਿਆਂ ਨੇ।
ਮਿਟ ਜਾਣੀ ਹੈ ਕਦੇ ਤਾਂ ਵੇਖੀਂ ਸ਼ਮੀ,
ਧੁੰਦ ਧੂੜ ਜੋ ਉਡਾਈ ਹੈ ਬਾਬਿਆਂ ਨੇ।