Share

Share |

ਸੈਮੀਨਾਰ

ਹੁੰਦਾ ਹੁਕਮ ਏ ਜਦੋਂ ਮਾਸਟਰਾਂ ਨੂੰ, ਫ਼ਿਰ ਇੰਝ ਸੈਮੀਨਾਰ ਲਾਉਣ ਮੀਆਂ।
ਕੁਝ ਖੁਸ਼ ਹੁੰਦੇ ਕੁਝ ਸੜ ਜਾਣ ਅੰਦਰੋਂ, ਹੁੰਦੇ ਲੇਟ ਨਾ ਟੈਮ ਤੇ ਆਉਣ ਮੀਆਂ।
ਕਰਨੀ ਨੌਕਰੀ ਤੇ ਫੇਰ ਨਖ਼ਰਾ ਕੀ, ਸੋਚ ਸੋਚ ਕੇ ਚਿੱਤ ਪਰਚਾਉਣ ਮੀਆਂ।
ਕਦੇ ਇੱਕ ਦਿਨਾ ਅਤੇ ਕਦੇ ਦਸ ਦਿਨਾ, ਪੰਜ ਦਿਨਾ ਵੀ ਚੌਂਕੀ ਲਾਉਣ ਮੀਆਂ।
ਪਹਿਲੇ ਦਿਨ ਮਿਲਕੇ ਪਛਾਣ ਕੱਢਦੇ, ਕਿਸ ਕਿਸਦਾ ਹੋਇਆ ਆਉਣ ਮੀਆਂ।
ਵਾਂਗ ਮੁਜਰਮਾਂ ਕੰਬ ਜਾਂਦੇ ਨੇ ਮੁਲਾਜ਼ਮ, ਵੱਡੇ ਸਾਬ੍ਹ ਜਦ ਫੇਰੀਆਂ ਪਾਉਣ ਮੀਆਂ।
ਸਾਬ੍ਹ ਮਾਰ ਜਾਂਦੇ ਦਬਕੇ ਨਾਲ ਦਲੀਲਾਂ, ਸਮਝਿਆਂ ਨੂੰ ਮੁੜ ਸਮਝਾਉਣ ਮੀਆਂ।
ਰੰਗ ਬਰੰਗ ਸਕੀਮਾਂ ਦੇ ਜਾਲ਼ ਬੁਣਕੇ, ਧੁੰਦ ਧੂੜ ਖ਼ੂਬ ਉਡਾਉਣ ਮੀਆਂ।
ਲਿਖੇ ਮੂਸਾ ਤੇ ਪੜ੍ਹੇ ਖੁਦਾ ਅਕਸਰ, ਤੌਬਾ !  ਜੋ ਇਹ ਸਿਲੇਬਸ ਪੜ੍ਹਾਉਣ ਮੀਆਂ।
ਮੁੱਕੇ ਜਦ ਗੋਲਾ ਬਾਰੂਦ ਮਾਹਿਰਾਂ ਦਾ, ਸਟੇਜ ਮਾਸਟਰਾਂ ਹੱਥ ਫੜਾਉਣ ਮੀਆਂ।
ਅੱਕੇ ਥੱਕੇ ਤੇ ਖਾ ਧੱਕੇ ਭਾਰੀ, ਕੱਢ ਕੇ ਭੜਾਸ ਖ਼ੂਸ ਆਉਣ ਮੀਆਂ।
ਮੁਰਲੀ ਮਹਿਕਮਾ ਆਖੇ ਦੁਨੀਆਂ ਸਾਰੀ, ਸਭ ਆਪਣੀ ਹੀ ਧੁਨ ਵਜਾਉਣ ਮੀਆਂ।
ਚੱਲ ਛੱਡ ਤੂੰ ਕੀ ਲੈਣਾ ਯਾਰ ਸ਼ਮੀ, ਨਿਭਾਈ ਜਾ ਜਿਵੇਂ ਬਾਕੀ ਨਿਭਾਉਣ ਮੀਆਂ।

ਕੋਰੜਾ ਛੰਦ : ਛੱਤੀ ਪ੍ਰਕਾਰ ਦੇ ਭੋਜਨ

[ਇਹ ਰਚਨਾ ਪ੍ਰਸਿੱਧ ਕਵੀਸ਼ਰ ਸੰਤ ਸਰੂਪ ਸਿੰਘ ਸੰਘਾ ਰਚਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਵਿੱਚੋਂ ਪੰਜਾਬੀ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ]
ਦੋਹਰਾ
ਜੰਨ ਗੁਰੂ ਦੀ ਵੀਰਨੋ ਆ ਗਈ ਬਿਲਗੇ ਕੋਲ।
ਜਾਂਦੇ ਮੂਹਰੇ ਬਜਦੇ ਵੀਨਾਂ ਬਾਜੇ ਢੋਲ।

ਕੋਰੜਾ ਛੰਦ
ਬਿਲਗੇ ਦੇ ਚਲੀ ਕੋਲ ਦੀ ਜਨੇਤ ਜੀ।
ਘੋੜ ਅਸਵਾਰ ਭਗਤਾਂ ਸਮੇਤ ਜੀ।
ਸਿਹਰੇ ਲੱਗੇ ਸੀਸ ਪੰਜਮੇ ਅਵਤਾਰ ਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਮੈਣਾਂ ਬੱਗਾ ਨੀਲੋ ਦੁੰਨੀ ਮਨਸੂਰ ਸੀ।
ਭੱਲਾ ਭੋਜਾ ਭਾਈ ਸੱਤੇ ਮਸ਼ਹੂਰ ਸੀ।
ਗੁਰੂ ਜੀ ਦੇ ਪਾਸ ਅਰਜਾਂ ਗੁਜਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਬਾਹਲੀ ਆਪਾਂ ਮਾਰਦੇ ਜਮਾਂ ਨਾ ਫਿੰਡ ਜੀ।
ਦੋ ਦਿਹਾੜੇ ਕੱਟ ਜੋ ਅਸਾਂ ਦੇ ਪਿੰਡ ਜੀ।
ਸੇਵਕਾਂ ਦੇ ਬੇੜੇ ਮਹਾਰਾਜ ਤਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਯਥਾ ਜੋਗ ਜਾਇਕੇ ਉਤਾਰੀ ਜੰਨ ਜੀ।
ਸੱਦ ਹਲਵਾਈ ਬਨਵੌਣ ਅੰਨ ਜੀ।
ਛੇਆਂ ਰਸਾਂ ਵਿੱਚ ਲਾਂਗਰੀ ਨਖਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਸਾਰੇ ਪ੍ਰਸ਼ਾਦ ਮਠਿਆਈ ਸਾਰੀ ਐ।
ਮਿਸ਼ਰੀ ਮੱਖਣ ਫਿਰਨੀ ਨਿਆਰੀ ਐ।
ਸੇਮੀਆਂ ਤੇ ਖੀਰਾਂ ਮਿੱਠੇ ਦਿਲ ਠਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਮਿੱਠੇ)
ਹਾਜਮੇ ਦੇ ਪਾਣੀ ਬੂੰਦੀ ਦਹੀਂ ਭੱਲੇ ਜੀ।
ਦਹੀਂ ਲੱਸੀ ਚਟਣੀਆਂ ਅਚਾਰ ਚੱਲੇ ਜੀ।
ਏਨਾਂ ਖੱਟੇ ਛੇਆਂ ਚ ਕਚੌਰੀ ਡਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਖੱਟੇ)
ਕੜਾ ਤੇ ਪਕੌੜੇ ਚਣੇਂ ਦਾਲਾਂ ਕੁੱਲ ਜੀ।
ਸਭੇ ਤਰਕਾਰੀ ਬਣੀ ਲਾ ਕੇ ਟੁੱਲ ਜੀ।
ਕੌੜਿਆਂ ਚ ਕੌੜੀ ਬੜੀਆਂ ਮਲਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਕੌੜੇ)
ਰਾਇਤੇ ਮੁਰੱਬੇ ਔਰ ਸਾਰੇ ਫਲ ਜੀ।
ਖਿਚੜੀ ਬਣਾਕੇ ਚੂਰਨ ਦੁਬਲ ਜੀ।
ਦਹੀਂ ਵਿਚ ਖੰਡ ਪਾ ਕੁਸੈਲੇ ਮਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਕਸੈਲੇ)
ਦੁੱਧ ਅੰਬਰਸ ਪਾਪੜ ਤੇ ਪੂੜੇ ਜੀ।
ਰਾਬੜੀ ਤੇ ਚੌਲਾਂ ਦੇ ਸਵਾਦ ਗੂੜੇ ਜੀ।
ਸਤੂ ਤੇ ਕਸਾਰ ਹੈ ਸਲੂਣੇ ਕਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਸਲੂਣੇ)
ਘਿਓ ਤੇ ਮਲਾਈ ਮੱਠੀ ਮੱਠੇ ਪੂਰੀਆਂ।
ਰੋਟੀਆਂ ਤਮਾਮ ਫੇਣੀਆਂ ਨੇ ਦੂਰੀਆਂ।
ਚਰਪਰੇ ਸਵਾਦ ਵਿਚ ਹੈ ਨਖਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਚਰਪਰੇ)
ਇਮੇਂ ਸੱਤੇ ਭਾਈਆਂ ਨੇ ਛਕਾਇਆ ਅੰਨ ਨੂੰ।
ਤਿੰਨ ਦਿਨ ਡੱਕਿਆ ਗੁਰੂ ਦੀ ਜੰਨ ਨੂੰ।
ਬਿਰਲੇ ਮਰਦੇ ਵਿਚ ਸੰਸਾਰ ਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਛੇਈ ਰਸ ਦਿੱਤੇ ਨਾ ਫਰਕ ਰੱਤੀ ਜੀ।
ਛੇਈ ਛੀਕੇ ਮੇਲ ਕੇ ਬਣਾ ਲੌ ਛੱਤੀ ਜੀ।
ਸੰਤ ਕਵੀ ਗੌਣ ਦਰਿਓਂ ਪਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।

ਜੰਗਲ

ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ
ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ

ਦੋਸ਼ੀ ਵੱਲ ਉਂਗਲ ਕਰਕੇ ਬੰਦਾ ਇਉਂ ਘਬਰਾ ਰਿਹਾ
ਜਿਉਂ ਚਾਨਣ ਨੂੰ ਹਨੇਰੇ ਤੋਂ ਹੋਵੇ ਖਤਰਾ ਜਿਹਾ

ਕੱਲ੍ਹ ਦੀ ਉਡੀਕ ਵਿਚ ਅੱਜ ਤੋਂ ਮੂੰਹ ਮੁੜਦਾ ਰਿਹਾ
ਜੜ੍ਹ ਬਣ ਗਿਆ ਬੰਦਾ ਜੋ ਕਦੇ ਤਾਰੇ ਫੜਦਾ ਰਿਹਾ

ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ
ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕੁਰਾ ਰਿਹਾ

ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਜਿਹਾ
ਤਪਦੇ ਹਾੜ੍ਹ ਆਉਂਦਾ ਜਿਉਂ ਪੌਣ ਦਾ ਹੁਲਾਰਾ ਜਿਹਾ।