Share

Share |

ਕਬਿੱਤ


ਲੱਗਦੀਆਂ ਏਥੇ ਅੱਗਾਂ, ਲਹਿੰਦੀਆਂ ਸਿਰੋਂ ਪੱਗਾਂ,
ਮੱਲਿਆ ਏ
ਪਿੜ ਠੱਗਾਂ, ਪਿਆ ਘਸਮਾਣ ਹੈ।

ਉਲਝਿਆ ਤੰਦ ਤਾਣਾ, ਖੋਖਲਾ ਹੈ ਤਾਣਾ ਬਾਣਾ,
ਦੁਖੀ ਫਿਰੇ ਸਾਰਾ ਲਾਣਾ, ਕਿੱਥੇ ਭਗਵਾਨ ਹੈ?

ਦੁੱਖ ਤੇ ਗਰੀਬੀ ਸਾਰੀ, ਫਿਕਰਾਂ ਦੀ ਪੰਡ ਭਾਰੀ,
ਚੁੱਕੀ ਫਿਰੇ ਹਾਰੀ ਸਾਰੀ, ਕਿਸਦਾ ਧਿਆਨ ਹੈ?

ਜੋ ਵੀ ਹੁੰਦਾ ਹੋਈ ਜਾਵੇ, ਪਾਪੀ ਰਾਜਾ ਸੋਈ ਜਾਵੇ,
ਚੋਰ ਠੱਗ ਲੁੱਟੀ ਜਾਵੇ, ਖੁਸ਼ ਬੇਈਮਾਨ ਹੈ।

ਵੋਟਾਂ ਨਾਲ ਲੈਂਦੇ ਰਾਜ, ਸੱਤਾ ਵਾਲਾ ਕੰਮ ਕਾਜ,
ਬਣਕੇ ਉਹ ਕਹਿਰੀ ਬਾਜ, ਕਰੇ ਪਸ਼ੇਮਾਨ ਹੈ।

ਘਪਲੇ ਜੋ ਵੱਡੇ ਛੋਟੇ, ਮਜਲੂਮਾਂ ਉੱਤੇ ਥੋਪੇ,
ਭੋਰਾ ਵੀ ਨਾ ਸ਼ਮੀ ਡਰੇ, ਕਰੇ ਪੁਣਛਾਣ ਹੈ।

ਚੰਨ ਬੱਦਲਾਂ ਦੇ ਓਹਲੇ


ਚੰਨ ਬੱਦਲਾਂ ਦੇ ਓਹਲੇ ਹੋ ਕੇ ਸਾਡੀ ਗੱਲ ਸੁਣਦੈ
ਹਾਏ ਗੱਲ ਸੁਣਦੈ
ਉਹਨੂੰ ਪੁੱਛ ਅੱਗੇ ਹੋਕੇ ਸਾਡੀ ਗੱਲ ਕਿਉਂ ਸੁਣਦੈ
ਹਾਏ ਕਿਉਂ ਸੁਣਦੈ

ਏਥੋਂ ਗੱਲਾਂ ਸੁਣ ਇਹ ਘਰ ਜਾਊਗਾ
ਘਰ ਵਿਚ ਕਜੀਆ ਕੋਈ ਨਵਾਂ ਪਾਉਗਾ
ਬੇਬੇ ਬਾਪੂ ਕੋਲ ਜਾ ਕੇ ਦੱਸੂ ਸਾਰੀ ਗੱਲ ਨੂੰ
ਹੁਣ ਤਾਂ ਹੀ ਸੁਣਦੈ

ਮੈਨੂੰ ਇਹਦੀ ਨੀਤ ਵਿਚ ਖੋਟ ਜਾਪਦੈ
ਜਰਾ ਵੇਖ ਤਾਂ ਸਹੀ ਇਹ ਮੈਨੂੰ ਕਿਵੇਂ ਝਾਕਦੈ
ਅੱਲ੍ਹੜਾਂ ਦੀ ਪ੍ਰੀਤ ਦਾ ਹੈ ਵੈਰੀ ਜੱਗ ਸਾਰਾ
ਉੱਤੋਂ ਏਹ ਵੀ ਸੁਣਦੈ

ਚੱਲ ਉੱਠ ਏਥੋਂ ਆਪਾਂ ਕਿਤੇ ਹੋਰ ਚੱਲੀਏ
ਕੋਈ ਆਸਰਾ ਦੀਵਾਨਿਆਂ ਦਾ ਜਾ ਕੇ ਮੱਲੀਏ
ਸੱਜਣਾ ਵੇ ਇਹ ਤਾਂ ਜਗ੍ਹਾ ਜਾਪੇ ਓਪਰੀ,
ਵੈਰੀ ਗੱਲ ਸੁਣਦੈ

ਏਹਦੇ ਕੋਲ ਤਾਰਿਆਂ ਦੀ ਫੌਜ ਸੱਜਣਾ
ਕਰੀ ਜਾਵੇ ਮਨ ਦੀ ਇਹ ਮੌਜ ਸੱਜਣਾ
ਚੱਲ ਸ਼ਮੀ ਕੋਲ ਏਸਦੀ ਸ਼ਕੈਤ ਕਰੀਏ,
ਉਹੀ ਗੱਲ ਸੁਣਦੈ

ਰੱਬੀ ਰੂਹਾਂ


ਕਥਾ ਕਹਾਣੀ ਬਣ ਕੇ ਰਹਿ ਗਏ
ਰੱਬੀ ਰੂਹਾਂ ਥੱਕ ਕੇ ਬਹਿ ਗਏ

ਪਾਪੀ ਪੁੰਨੀ ਮਾੜੇ ਚੰਗੇ ਕਰਮਾਂਵਾਲੇ
ਕੁਝ ਨਹੀਂ ਏਥੇ ਸਾਰੇ ਕਹਿ ਗਏ

ਲੁੱਟਦੇ ਕੁੱਟਦੇ ਪਿੱਟਦੇ ਲੋਕੀਂ
ਖੌਰੇ ਕਿਧਰੇ ਡੂੰਘੇ ਲਹਿ ਗਏ

ਸੋਨੀ ਚਿੜੀ ਕਹਿ ਲੁੱਟਣ ਆਉਂਦੇ
ਅੱਜ ਰੇਤੇ ਵਿਚ ਰੁਲ ਕੇ ਰਹਿ ਗਏ

ਰੱਬ ਦਾ ਭੇਤ ਨਾ ਪਾਉਣਾ ਸੌਖਾ
ਪਤਾ ਲਗਾਉਂਦੇ ਰੁਲ ਕੇ ਰਹਿ ਗਏ

ਚੱਲ ਸੱਜਣਾ ਘਰ ਨੂੰ ਮੁੜੀਏ
ਸ਼ਮੀ ਹੁਣ ਕਿਹੜੇ ਰਸਤੇ ਰਹਿ ਗਏ

ਲੋਕ ਤੱਥ


ਮੂਲ ਨਾਲੋਂ ਸੂਦ ਚੰਗਾ, ਚੋਰੀ ਅਮਰੂਦ ਚੰਗਾ
ਚੰਗਾ ਹੁੰਦਾ ਨਾਮ ਕਰਤਾਰ ਦਾ।


ਚੋਰ ਨਾਲੋਂ ਸਾਧ ਚੰਗਾ, ਸਾਧ ਨਾਲੋਂ ਰੱਬ ਚੰਗਾ,
ਰੱਬ ਨਾਲੋਂ ਚੰਗਾ ਕੰਮ ਉਪਕਾਰ।


ਵਿਹਲਿਓਂ ਵਗਾਰ ਚੰਗੀ, ਅੰਦਰੋਂ ਪੁਕਾਰ ਚੰਗੀ,
ਰੱਖਣਾ ਖਿਆਲ ਚੰਗਾ ਮਾਣ ਸਤਿਕਾਰ ਦਾ।


ਦੇਸ਼ ਦਾ ਪਿਆਰ ਚੰਗਾ, ਆਪਣਾ ਤਿਰੰਗਾ ਚੰਗਾ,
ਹਵਾਵਾਂ ਉੱਚੀਆਂ ਚ ਰਹੇ ਲਹਿਰਾਂਵਦਾ।


ਕਜੀਏ ਤੋਂ ਸੁਲਾਹ ਚੰਗੀ, ਸੁਲ੍ਹਾ ਨਾਲੋਂ ਸੋਥਾ ਚੰਗਾ,
ਤੋੜੀਏ ਨਾ ਤੰਦ ਤਾਣਾ ਪਿਆਰ ਦਾ।


ਹੱਥੀਂ ਲਾਇਆ ਬੂਟਾ ਚੰਗਾ, ਸਾਉਣ ਵਿਚ ਹੂਟਾ ਚੰਗਾ,
ਝੂਟੇ ਨਾਲ ਬਣ ਜਾਂਦਾ ਮੌਸਮ ਹੁਲਾਰ ਦਾ।


ਕਵਿਤਾ ਦਾ ਮੇਲ ਚੰਗਾ, ਸ਼ਬਦਾਂ ਦਾ ਖੇਲ੍ਹ ਚੰਗਾ,
ਚੰਗਾ ਖੇਡ ਸ਼ਮੀ ਜ਼ਿੰਦਗੀ ਸੰਵਾਰਦਾ।

ਨਾਹਰਿਆਂ ਦਾ ਜੰਗਲ


ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ
ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ


ਦੋਸ਼ੀ ਵੱਲ ਉਂਗਲ ਕਰਕੇ ਬੰਦਾ ਇਉਂ ਘਬਰਾ ਰਿਹਾ
ਜਿਉਂ ਚਾਨਣ ਨੂੰ ਹਨੇਰੇ ਤੋਂ ਹੋਵੇ ਖਤਰਾ ਜਿਹਾ


ਕੱਲ੍ਹ ਦੀ ਉਡੀਕ ਵਿਚ ਅੱਜ ਤੋਂ ਮੂੰਹ ਮੁੜਦਾ ਰਿਹਾ
ਜੜ੍ਹ ਬਣ ਗਿਆ ਬੰਦਾ ਜੋ ਕਦੇ ਤਾਰੇ ਫੜਦਾ ਰਿਹਾ


ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ
ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕੁਰਾ ਰਿਹਾ


ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਜਿਹਾ
ਤਪਦੇ ਹਾੜ੍ਹ ਆਉਂਦਾ ਜਿਉਂ ਪੌਣ ਦਾ ਹੁਲਾਰਾ ਜਿਹਾ।

ਤਰਸ ਗਏ ਹਾਂ ਦਰਸ਼ਨ ਨੂੰ


ਤਰਸ ਗਏ ਹਾਂ ਦਰਸ਼ਨ ਨੂੰ
ਛੱਡ ਗਿਆ ਸਾਨੂੰ ਤਰਸਨ ਨੂੰ

ਦਿਲ ਤੇਰਾ ਜਾਨ ਵੀ ਤੇਰੀ
ਦੱਸ ਕੀ ਬਚਿਐ ਪਰਖਣ ਨੂੰ?

ਭਰਿਆਂ ਨੂੰ ਤੂੰ ਭਰਦਾ ਜਾਵੇਂ
ਖਾਲੀ ਰਹਿ ਗਏ ਤੜਫ਼ਨ ਨੂੰ

ਸਿਜਦੇ ਕਰ ਦਿਨ ਕੱਟੀ ਜਾਵਾਂ
ਕਦ ਚਾਹਾਂ ਮੈਂ ਅਣਬਨ ਨੂੰ

ਗੈਰਾਂ ਨਾਲ ਤੂੰ ਹੱਸ ਹੱਸ ਬੋਲੇ
ਅੱਜ ਲੱਗ ਗਈ ਹੈ ਤਨ ਮਨ ਨੂੰ

ਰੂਹ ਕਰੇ ਤਾਂ ਮਿਲ ਜਾਈਂ ਸੱਜਣਾ
ਚੈਨ ਆ ਜਾਉਂ ਧੜਕਣ ਨੂੰ

ਉਮਰ ਦਾ ਪੰਛੀ ਉੱਡਦਾ ਜਾਵੇ
ਪਿੱਛੇ ਛੱਡਕੇ ਸ਼ਮੀ ਬਚਪਨ ਨੂੰ