Share

Share |

ਕਿਤਾਬਾਂ : ਲੇਖਕ ਅਤੇ ਪਾਠਕ

ਪੰਜਾਬੀ ਕਿਤਾਬਾਂ ਦਾ ਖੇਤਰ ਛਪਾਈ ਪੱਖੋਂ ਕਾਫੀ ਵਿਕਸਿਤ ਹੋਇਆ ਹੈ। ਹਰ ਹਫਤੇ ਵੱਡੀ ਗਿਣਤੀ ਵਿਚ ਨਵੇਂ ਜਾਂ ਸਥਾਪਿਤ ਕਲਮਕਾਰ ਸਾਹਿਤ ਦੇ ਯੱਗ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਚੰਗੀ ਗੱਲ ਆਖੀ ਜਾ ਸਕਦੀ ਹੈ। ਲੇਖਕ ਆਪਣੀਆਂ ਕਿਤਾਬਾਂ ਨਾਲ ਆਪਣੇ ਵਿਚਾਰ ਤਾਂ ਸਮਾਜ ਦੀ ਝੋਲੀ ਪਾ ਰਹੇ ਹਨ ਪਰ ਇਸ ਝੋਲੀ ਦੇ ਮਾਲਕ ਦਾ ਏਧਰ ਧਿਆਨ ਨਾਮਾਤਰ ਪ੍ਰਤੀਤ ਹੁੰਦਾ ਹੈ।
ਪੰਜਾਬੀਆਂ ਦੀ ਸਰਕਾਰ, ਸਕੂਲ ਅਤੇ ਸ਼ਾਹੀ ਖਰਚੇ ਚਲਾਉਣ ਲਈ ਸ਼ਰਾਬ ਅਤੇ ਪੈਟਰੋਲ ਦਾ ਆਸਰਾ ਹੈ। ਲੋਕ ਆਪਣੇ ਘਰਾਂ ਵਿਚ ਚੀਨੀ ਆਈਟਮਾਂ ਦੇ ਅੰਬਾਰ ਇਕੱਠੇ ਕਰਨ ਵਿਚ ਰੁੱਝੇ ਹੋਏ ਹਨ। ਕਿਸੇ ਵਿਰਲੇ ਦੇ ਘਰ ਵਿਚ ਆਪਣੀ ਨਿੱਜੀ ਲਾਇਬ੍ਰੇਰੀ ਰੱਖਣ ਦਾ ਰਿਵਾਜ ਹੈ। ਕਿਸੇ ਵਿਰਲੇ ਅਧਿਆਪਕ ਕੋਲੋਂ ਆਪਣੇ ਵਿਦਿਆਰਥੀ ਨੂੰ ਸਾਹਿਤ ਦੇ ਲੜ ਲਾਉਣ ਦੀ ਸਮਰੱਥਾ ਹੁੰਦੀ ਹੈ। ਉਂਜ ਬਹੁਤੇ ਅਧਿਆਪਕਾਂ ਦਾ ਆਪਣਾ ਦਾਇਰਾ ਸਿਲੇਬਸ ਦੇ ਕਿਲੇ ਤੋਂ ਬਾਹਰ ਜਾਣਾ ਅਲੋਕਾਰ ਗੱਲ ਬਣ ਗਈ ਹੈ। ਇਹ ਸ਼ਾਇਦ ਪੈਸੇ ਦੀ ਦੌੜ ਦਾ ਕੋਈ ਅਸਰ ਹੋਵੇ।
ਸਾਹਿਤ ਤੋਂ ਸੱਖਣਾ ਸਮਾਜ ਵਧੀਆ ਡਾਕਟਰ, ਇੰਜੀਨੀਅਰ ਜਾਂ ਵਕੀਲ ਆਦਿ ਤਾਂ ਪੈਦਾ ਕਰ ਸਕਦਾ ਹੈ, ਪਰ ਵਧੀਆ ਇਨਸਾਨ ਨਹੀਂ। ਕਿਸੇ ਵੇਲੇ ਹਰੇਕ ਦੇ ਆਦਰਸ਼ ਸਮਝੇ ਜਾਣ ਵਾਲੇ ਪੇਸ਼ੇ ਹੁਣ ਨਿਰੋਲ ਧੰਦੇ ਬਣ ਚੁੱਕੇ ਹਨ। ਸੂਖਮਤਾ ਦਾ ਖੱਬਲ ਗਲੋਬਲਾਈਜੇਸ਼ਨ ਦਾ ਸੇਕ ਝੱਲਣ ਤੋਂ ਅਸਮਰੱਥ ਹੈ। ਕੱਕਾ ਰੇਤਾ ਤੇ ਅੰਤਾਂ ਦੀ ਔੜ ਕਿਸੇ ਸਾਉਣ ਦੇ ਛੱਰਾਟੇ ਦੇ ਇੰਤਜਾਰ ਵਿਚ ਹੈ।
ਸਾਹਿਤ ਸਭਾਵਾਂ ਹਨ ਪਰ ਸਾਹਿਤ ਨਹੀਂ। ਕਿਤਾਬਾਂ ਹਨ ਪਰ ਪਾਠਕ ਨਹੀਂ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਰਕਾਰੀ ਜਾਂ ਨਿੱਜੀ ਸਕੂਲਾਂ ਵਿਚ ਅੱਠਵੀਂ ਜਾਂ ਦਸਵੀਂ ਤੱਕ ਕੋਈ ਲਾਇਬ੍ਰੇਰੀ ਮੌਜੂਦ ਨਹੀਂ। ਬੱਚੇ ਵਿਚਾਰੇ ਬੱਸ ਐੱਮ. ਬੀ. ਡੀ. ਦੀ ਅਫੀਮ ਅਤੇ ਟਿਊਸ਼ਨਾਂ ਦੀ ਘੂਕੀ ਨਾਲ ਨਕਲ ਤੇ ਰੱਟੇ ਦੀ ਲੋਰ ਵਿਚ ਅੱਗੇ ਤੁਰੇ ਜਾ ਰਹੇ ਹਨ।
ਪੰਜਾਬੀ ਸਾਹਿਤ ਦਾ ਖੇਤਰ ਪੂਰੀ ਤਰਾਂ ਖਿੱਲਰਿਆ ਜਾਪਦਾ ਹੈ।
ਕਿਤਾਬ ਅਤੇ ਪਾਠਕ ਵਿਚਾਲੇ ਅਜਨਬੀਪੁਣੇ ਦਾ ਤਾਣਾਬਾਣਾ ਹੈ। ਖੁਦ ਨੂੰ ਸਾਹਿਤ ਨਾਲ ਜੋੜਨ ਲਈ ਉਪਰਾਲਿਆਂ ਦੀ ਸਖਤ ਲੋੜ ਹੈ। ਸਾਹਿਤ ਸਭਾਵਾਂ ਰਸਮੀ ਰਜਿਸਟਰਾਂ ਤੋਂ ਬਾਹਰ ਸੱਥ ਵਿਚ ਬੈਠੇ ਆਮ ਬੰਦੇ ਨੂੰ ਨਾਲ ਤੋਰਨ। ਲਿਖਾਰੀ ਲੋਕਾਂ ਦੀ ਨਬਜ਼ ਪਹਿਚਾਨਣ ਤੇ ਸਮੇਂ ਨੂੰ ਮੁੱਖ ਰੱਖਕੇ ਕਲਮਕਾਰੀ ਕਰਨ ਤੇ ਸਮਾਜ ਨੂੰ ਸਹੀ ਦਿਸ਼ਾ ਦੇਣ। ਉਂਝ ਕਿਸੇ ਨੂੰ ਰਾਹੇ ਪਾਉਣ ਤੋਂ ਪਹਿਲਾਂ ਖੁਦ ਨੂੰ ਰਾਹ ਦਾ ਪਤਾ ਹੋਣਾ ਚਾਹੀਦਾ ਹੈ। ਕੇਵਲ ਜਗਦਾ ਦੀਵਾ ਬੁਝੇ ਹੋਏ ਦੀਵਿਆਂ ਨੂੰ ਜਗਾ ਸਕਦਾ ਹੈ।
ਪੁਸਤਕ ਸੱਭਿਆਚਾਰ ਸਥਾਪਿਤ ਕਰਨ ਦੀ ਦਿਸ਼ਾ ਵੱਲ ਅੱਗੇ ਵਧਣਾ ਚਾਹੀਦਾ ਹੈ। ਘਰਾਂ ਵਿਚ ਟੀ. ਵੀ. ਜਾਂ ਕੰਪਿਉਟਰਾਂ ਦੇ ਨਾਲ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਬੱਚਿਆਂ ਦੀ ਸਾਂਝ ਨੈਤਿਕ ਕਦਰਾਂ ਕੀਮਤਾਂ  ਨਾਲ ਪਾਉਣੀ ਚਾਹੀਦੀ ਹੈ।
ਕਹਿਣ ਨੂੰ ਚਾਹੀਦਾ ਤਾਂ ਬਹੁਤ ਕੁਝ ਹੈ, ਪਰ ਪਹਿਲ ਕੌਣ ਕਰੇ?
ਮੈਂ ਤਾਂ ਆਪਣੀ ਨਿੱਜੀ ਲਾਇਬ੍ਰੇਰੀ ਬਣਾ ਲਈ ਹੈ, ਅਜੇ ਛੋਟੀ ਹੈ, ਕੱਲ੍ਹ ਨੂੰ ਇਹ ਵੱਡੀ ਹੋ ਜਾਵੇਗੀ। ਸ਼ਾਇਦ ਗਵਾਂਢ ਮੁਹੱਲੇ ਵਿੱਚ ਵੀ ਇਹ ਗੱਲ ਤੁਰੇ। ਦੇਖਦੇ ਹਾਂ ਕੀ ਹੁੰਦਾ ਹੈ।