Share

Share |

ਬਾਬਾ ਜੀ

ਦੂਰ ਦੁਰਾਡੇ ਪਿੰਡ ਦਾ ਇੱਕ ਬੰਦਾ ਸੁਣਿਆ
ਮਕਰ ਫਰੇਬ ਦਾ ਓਸਨੇ ਐਸਾ ਫੰਦਾ ਬੁਣਿਆ
ਗਿਆਨ ਹੋ ਗਿਆ ਰੱਬ ਦਾ ਸਭ ਨੂੰ ਸਮਝਾਵੇ
ਬਾਬਾ ਬਣ ਕੇ ਬਹਿ ਗਿਆ ਖਲਕਤ ਬਹੁਤੀ ਆਵੇ
ਧਾਗੇ ਤਵੀਤਾਂ ਨਾਲ ਹੀ ਉਸ ਕੰਮ ਚਲਾਇਆ
ਨਿਕਲੇ ਕਦੇ ਭੂਤ ਨਾ ਉਸਦਾ ਚਿੰਮੜਾਇਆ
ਲੋਕੀਂ ਆਉਂਦੇ ਦੂਰੋਂ ਤੱਕ ਕੇ ਉਹ ਭਰਦਾ ਝੋਲੀ
ਧਰਮ ਈਮਾਨ ਦੀ ਦੋਸਤੋ ਲੱਗਣ ਲੱਗੀ ਬੋਲੀ
ਹੋਣ ਮੁਰਾਦਾਂ ਪੂਰੀਆਂ ਲੱਗੇ ਚੜ੍ਹਨ ਚੜ੍ਹਾਵੇ
ਭਗਤਾਂ ਦੀ ਲਾਈਨ ਤਾਂ ਨਿੱਤ ਵਧਦੀ ਜਾਵੇ
ਕਰਨੀ ਵਾਲੇ ਸੰਤ ਨੇ ਕਈ ਸੁਣੇ ਮੈਂ ਕਹਿੰਦੇ
ਹਰ ਵੇਲੇ ਉਹ ਬਾਬਾ ਜੀ ਦੇ ਕੋਲੇ ਹੀ ਰਹਿੰਦੇ
ਕਾਰਾਂ ਵਾਲਾ ਹੋ ਗਿਆ ਉਹ ਭੁੱਖਾ ਮਰਦਾ
ਨਵੇਂ ਹੀ ਵਾਕੇ ਕਰ ਰਿਹਾ ਉਹ ਜ਼ਰਾ ਨਾ ਡਰਦਾ
ਪੜ੍ਹੇ ਲਿਖੇ ਵੀ ਲੋਕ ਬੜੇ ਉਹਨੂੰ ਕਹਿੰਦੇ ਬਾਬਾ
ਤੂੰ ਹੀ ਸਾਡਾ ਗੁਰੂ ਹੈ ਤੂੰ ਹੀ ਮੱਕਾ ਕਾਬਾ
ਲਹਿਰ ਜਿਹੀ ਬੱਸ ਚੱਲ ਪਈ ਹੋਏ ਵਾਰੇ ਨਿਆਰੇ
ਬਾਬਾ ਜੀ ਨੇ ਤੋਰ ਲਏ ਕਈ ਪੁੱਠੇ ਸਿੱਧੇ ਵਰਤਾਰੇ
ਲੋਕਾਂ ਦੀ ਅਕਲ ਤੋਂ ਪਰਦਾ ਇੱਕ ਦਿਨ ਲਹਿ ਗਿਆ
ਚਾਰ ਬੱਚਿਆਂ ਦੀ ਮਾਂ ਨੂੰ ਜਦ ਕੱਢਕੇ ਉਹ ਲੈ ਗਿਆ
ਘਰ ਚੋਂ ਗਹਿਣੇ ਗੱਟਿਆਂ ਦਾ ਕੀਤਾ ਸਫਾਇਆ
ਬਾਬਾ ਐਸਾ ਜ਼ਹਿਰ ਸੀ ਜੋ ਨਜ਼ਰ ਨਾ ਆਇਆ
ਕੁਹਰਾਮ ਜਿਹਾ ਮੱਚ ਗਿਆ ਕਹਿੰਦੇ ਲੱਭੋ ਬਾਬਾ
ਫੜ ਕੇ ਮੁਸ਼ਕਾਂ ਲਾ ਦਿਓ ਛੱਡਣਾ ਨਹੀਂ ਆਪਾਂ
ਆਖ਼ਰ ਇੱਕ ਦਿਨ ਬਾਬਾ ਜੀ ਵੀ ਆਗੇ ਕਾਬੂ
ਬਾਬਿਆਂ ਸਿਰ ਚੜ੍ਹਕੇ ਬੋਲਿਆ ਛਿੱਤਰਾਂ ਦਾ ਜਾਦੂ
ਪਿੰਡ ਦੀ ਪੰਚਾਇਤ ਨੇ ਫਿਰ ਇਹ ਹੁਕਮ ਸੁਣਾਇਆ
ਲੱਭ ਲੱਭ ਕੇ ਐਸੇ ਢੋਂਗੀਆਂ ਦਾ ਕਰੋ ਸਫਾਇਆ
ਸੱਚੇ ਗੁਰੂ ਦਰ ਜਾ ਕੇ ਸ਼ਮੀ ਅਲਖ ਜਗਾਈਏ
ਢੋਂਗੀ ਠੱਗਾਂ ਸਾਰਿਆਂ ਨੂੰ ਦੂਰ ਭਜਾਈਏ ।

ਜੱਗ ਦੀ ਰੀਤ !

ਆਖਿਆ ਸੀ ਤੂੰ ਇੱਕ ਦਿਨ ਮਾਂ, ਇਹ ਜੱਗ ਦੀ ਰੀਤ ਏ
ਵਿਆਹ ਤੱਕ ਹੀ ਹੁੰਦੀ ਬੀਬਾ, ਮਾਂ ਬਾਬਲ ਦੀ ਪ੍ਰੀਤ ਏ
ਆਖਿਆ ਸੀ ਤੂੰ ਇੱਕ ਦਿਨ ਮਾਂ
ਪਤੀ ਪਰਮੇਸ਼ਰ ਸਮਝੀਂ ਸਹੁਰੇ ਨੂੰ ਬਾਪ ਨੀ
ਮਾਂ ਸਮਝ ਕੇ ਪੂਜੀਂ ਸੱਸ ਨੂੰ ਮੂਹਰੇ ਹੋ ਆਪ ਨੀ
ਲੜਨਾ ਨੀ ਨਾਲ ਕਿਸੇ ਦੇ, ਮਨ ਜੀਤੇ ਜਗ ਜੀਤ ਏ
ਆਖਿਆ ਸੀ ਤੂੰ ਇੱਕ ਦਿਨ ਮਾਂ
ਜੋ ਆਖਿਆ ਤੂੰ ਕੀਤਾ ਉਹ ਮੈਂ ਝੂਠ ਨਾ ਜਾਣੀ ਨੀ
ਫਿਰ ਵੀ ਪਰ ਕਿਉਂ ਅੱਜ ਰੋਵੇ ਮੇਰੀ ਕਹਾਣੀ ਨੀ
ਪੈਸੇ ਤੇ ਆ ਕੇ ਹੀ ਮਾਂ ਟੁੱਟਦੀ ਕਿਉਂ ਪ੍ਰੀਤ ਏ
ਆਖਿਆ ਸੀ ਤੂੰ ਇੱਕ ਦਿਨ ਮਾਂ
ਪੈਸੇ ਦੀਆਂ ਗੱਲਾਂ ਕਰਦੇ ਗੁਣਾਂ ਦੀ ਕੋਈ ਨੀ
ਸੁਣ ਕੇ ਮੈਂ ਤਾਹਨੇ ਮਿਹਣੇ ਲੁਕ ਲੁਕ ਕੇ ਰੋਈ ਨੀ
ਮੌਤ ਦੀ ਬੱਸ ਜਲਦੀ ਹੀ ਆਉਣੀ ਤਾਰੀਕ ਏ
ਆਖਿਆ ਸੀ ਤੂੰ ਇੱਕ ਦਿਨ ਮਾਂ
ਦਾਜ ਦੀ ਖਾਤਿਰ ਮਾਏਂ ਲੱਖਾਂ ਧੀਆਂ ਮਰਦੀਆਂ ਨੇ
ਰੋਜ਼ ਹੀ ਕਈ ਮੁਕਾਣਾਂ ਬਾਬਲ ਦੇ ਢੁਕਦੀਆਂ ਨੇ
ਲੈਂਦੀ ਹੈ ਰੋਜ਼ ਬਲੀ ਕੋਈ, ਹਾਏ ਦਾਜ ਦੀ ਰੀਤ ਏ
ਆਖਿਆ ਸੀ ਤੂੰ ਇੱਕ ਦਿਨ ਮਾਂ
ਸ਼ਮੀ ਹੁਣ ਵਿੱਚ ਤਲਵਾੜੇ ਲਿਖੇ ਐਸਾ ਗੀਤ ਨੀ
ਅੱਗ ਲਾ ਕੇ ਫੂਕੋ ਸਾੜੋ ਕੁਵੱਲੀ ਇਹ ਰੀਤ ਨੀਂ
ਖੜ•ਦਾ ਜੋ ਵਿੱਚ ਮੁਸੀਬਤ, ਸੱਚਾ ਉਹੀ ਮੀਤ ਏ
ਆਖਿਆ ਸੀ ਤੂੰ ਇੱਕ ਦਿਨ ਮਾਂ

ਟਾਹਲੀ ਤੇ ਮੋਰ ਮੋਰਨੀ ...

ਟਾਹਲੀ ਤੇ ਮੋਰ ਮੋਰਨੀ ਗੱਲਾਂ ਪਏ ਕਰਦੇ ਨੇ
ਪਤਾ ਨਹੀਂ ਲੋਕ ਰੋਜ਼ ਕਿਉਂ, ਲੜ ਲੜ ਕੇ ਮਰਦੇ ਨੇ

ਇਨਸਾਨਾਂ ਦੀ ਬਸਤੀ ਅੰਦਰ, ਲਗਦੈ ਕੋਈ ਘਾਟ ਹੈ
ਖਹਿ ਖਹਿ ਕੇ ਮਰਦੇ ਲੋਕੀ, ਐਸੀ ਕੋਈ ਬਾਤ ਹੈ
ਅਖ਼ਬਾਰ ਵੀ ਜ਼ਿਕਰ ਹਮੇਸ਼ਾ ਮੋਇਆਂ ਦਾ ਕਰਦੇ ਨੇ
ਪਤਾ ਨਹੀਂ ਲੋਕ ਰੋਜ਼ ਕਿਉਂ ...

ਕਿਸੇ ਨੂੰ ਡੰਗੇ ਗਰੀਬੀ, ਕੋਈ ਬੇਬਸ ਲਾਚਾਰ ਹੈ
ਇਕ ਰੋਟੀ ਦੀ ਖ਼ਾਤਿਰ ਪੈਂਦੀ ਡਾਢੀ ਮਾਰ ਹੈ
ਖੇਤ ਵੀ ਤੌਂਦ ਹਮੇਸ਼ਾਂ ਸ਼ਾਹਾਂ ਦਾ ਭਰਦੇ ਨੇ
ਪਤਾ ਨਹੀਂ ਲੋਕ ਰੋਜ਼ ਕਿਉਂ ...

ਕੋਈ ਆਖੇ ਚੋਰ ਸਿਪਾਹੀ, ਕੋਈ ਗੱਦਾਰ ਹੈ
ਬੰਦਿਆਂ ਨੂੰ ਨਫ਼ਰਤ ਤੇ ਪੈਸੇ ਨੂੰ ਪਿਆਰ ਹੈ
ਟਕਿਆਂ ਲਈ ਖ਼ੂਨ ਦਿਲਾਂ ਦਾ ਦਿਲਬਰ ਕਰਦੇ ਨੇ
ਪਤਾ ਨਹੀਂ ਲੋਕ ਰੋਜ਼ ਕਿਉਂ ...

ਜੰਗਲਾਂ ਦੀ ਹਾਲਤ ਵੀ ਹੁਣ ਬਦਲੀ ਜਿਹੀ ਲਗਦੀ ਹੈ
ਰੁੱਖਾਂ ਦੀ ਥਾਂ ਇੱਟਾਂ ਨੇ ਮੱਲੀ ਹੋੲਾਂੀ ਲਗਦੀ ਹੈ
ਧੂੰਏਂ ਦੇ ਨਾਲ ਹਵਾ ਨੂੰ ਜਹਿਰ ਨਾਲ ਭਰਦੇ ਨੇ
ਟਾਹਲੀ ਤੇ ਮੋਰ ਮੋਰਨੀ

ਤਲਵਾੜੇ ਵਿਚ ਬੈਠਾ ਸ਼ਮੀ ਸੋਚੇ ਬਾਰ ਬਾਰ ਹੈ
ਚੌਧਰ ਦੀ ਖਾਤਰ ਹੁੰਦੀ ਜੱਗ ਵਿਚ ਮਾਰੋਮਾਰ ਹੈ
ਅਮਨਾਂ ਦੀ ਗੱਲ ਕਰਨ ਤੋਂ ਲੋਕੀ ਕਿਉਂ ਡਰਦੇ ਨੇ
ਪਤਾ ਨਹੀਂ ਲੋਕ ਰੋਜ਼ ਕਿਉਂ ...