ਜੰਗ ਏ ਆਜ਼ਾਦੀ ਲਈ ਮਰ ਮਿਟੇ, ਤਾਂ ਕੀ ਹੋਇਆ
ਜਾਮ ਏ ਜ਼ਹਿਰ ਹੀ ਮਿਲਿਆ, ਤਾਂ ਕੀ ਹੋਇਆ
ਸਾਡੀ ਲਲਕਾਰ ਸੁਣ ਕੇ ਹੀ ਤਾਂ ਬਦਲੇ ਨੇ
ਉਸ ਝੰਡੇ ਦੇ ਰੰਗ
ਗੋਰੇ ਨਾਗਾਂ ਦੇ ਡੰਗ
ਵੈਲੀਆਂ ਦੀ ਖੰਘ
ਤੇ ਬਿਗਾਨਿਆਂ ਦੇ ਢੰਗ
ਰਾਜ ਉਹੀ ਐਪਰ ਚਿਹਰੇ ਦੇਖੇ ਭਾਲੇ ਨੇ ਤਾਂ ਕੀ ਹੋਇਆ
ਏਸ ਨਕਾਬ ਹੇਠ ਛਿਪ ਬੈਠੇ ਉਹੀ ਲੁਟੇਰੇ ਤਾਂ ਕੀ ਹੋਇਆ
ਕਿਸਨੂੰ ਦੱਸੀਏ ਕਿ ਉਸ ਵੰਡ ਦੀ ਲੀਕ ਹੇਠਾਂ ਦਫਨ ਨੇ
ਸਾਡੀਆਂ ਹਵਾਵਾਂ ਤੇ ਖੇਤ
ਦਰਿਆਵਾਂ ਦੇ ਪਾਣੀ ਤੇ ਰੇਤ
ਸੱਧਰਾਂ ਤੇ ਚਾਵਾਂ ਦੇ ਸੇਕ
ਮਾਸੂਮਾਂ ਦੀ ਲੋਥ, ਉਹ ਫੱਗਣ ਤੇ ਚੇਤ
ਪੰਜਾਬੀਆਂ ਦੇ ਹਿੱਸੇ ਆਈ ਦੀਵਾਰ ਤਾਂ ਕੀ ਹੋਇਆ
ਮਿਟਕੇ ਮਿਟਾਉਣੇ ਨੇ ਹਨੇਰੇ, ਸੰਘਣੇ ਨੇ ਬਹੁਤੇ, ਤਾਂ ਕੀ ਹੋਇਆ
ਉਹ ਦਿਨ, ਉਹ ਮਹੀਨੇ, ਉਸ ਪਟੜੀ ਤੇ ਰੇਲਾਂ ਨੇ ਕੀ ਕੀ ਢੋਇਆ
ਲੁੱਟੇ ਪੁੱਟੇ ਰੁੱਖਾਂ ਦੇ ਢੇਰ
ਰੋਹੀ ‘ਚ ਮਿੱਧੇ ਫੁੱਲ ਤੇ ਕਨੇਰ
ਵਿਛੋੜਿਆਂ ਦੀ ਅੱਗ ਤੇ ਘੁਮੇਰ
ਲੀਰੋ ਲੀਰ ਆਜ਼ਾਦੀ ਦਾ ਹਨੇਰ
ਪਰਦੇ ਪਿੱਛੇ ਫਿਰੰਗੀ ਮੁੜ ਆਇਆ, ਤਾਂ ਕੀ ਹੋਇਆ
ਉਹਦੇ ਜਹਿਰ ਦਾ ਬੀਜ ਹੁਣ ਰੁੱਖ ਹੋਇਆ, ਤਾਂ ਕੀ ਹੋਇਆ
ਬਹੁਤ ਰੋਇਆ ਉਹ ਵੀ ਤੇ ਮੈਂ ਵੀ ਜਦ ਵੀ ਰੋਇਆ,
ਹੰਝੂ, ਹਨੇਰੇ ਤੇ ਅੱਗ ਦੀ ਰੁੱਤੇ ਰੱਬ ਵੀ ਖੂਬ ਸੋਇਆ
ਪਰ,
ਏਹ ਜਖ਼ਮ ਕਦੇ ਤਾਂ ਭਰਨਗੇ
ਚਿੰਬੜੇ ਨੇ ਭੂਤ ਜੋ ਕਦੇ ਤਾਂ ਮਰਨਗੇ
‘ਆਜ਼ਾਦੀ’ ਦੀ ਗੁਲਾਮੀ ਨਾ ਜਰਨਗੇ
ਸਰਹੱਦਾਂ ਤੇ ਜਗਦੇ ਦੀਵੇ ਨਾ ਡਰਨਗੇ
ਵਰ੍ਹ ਚੁੱਕੀ ਹੈ ਤੇਜ਼ਾਬੀ ਬੱਦਲਾਂ ਦੀ ਸ਼ਮੀ ਉਹ ਢਾਣੀ
ਓੜਕ ਮਿਲ ਹੀ ਜਾਣੇ ਨੇ, ਇਹ ਪਾਣੀ, ਉਹ ਪਾਣੀ
ਬੜੀ ਦੂਰ ਨੇ ਉਹ ਮਹਿਲ ਤੇ ਮੁਨਾਰੇ ਤਾਂ ਕੀ ਹੋਇਆ
ਖਿੱਚ ਲਏਗਾ ਪਿਆਰ ਹੀ ਪਿਆਰਿਆਂ ਨੂੰ, ਕੀ ਹੋਇਆ
ਸਮਰਜੀਤ ਸਿੰਘ ਸ਼ਮੀ