Share

Share |

ਹਾਲ - ਏ - ਪੰਥ

ਗੁਰੂ ਸਾਹਿਬ ਨੇ ਸੋਚਦੇ, ਕੀ ਵਰਤਿਆ ਭਾਣਾ
ਪੰਥ ਮੇਰੇ ਦਾ ਉਲ਼ਝਿਆ ਕਿਵੇਂ ਤਾਣਾ ਬਾਣਾ

- ਪੱਕਿਓਂ ਕੱਚਾ ਹੋ ਰਿਹਾ, ਜੋ ਸੀ ਪੰਥ ਸਜਾਇਆ
ਗਿੱਦੜ ਬਣਕੇ ਲੜ ਰਿਹਾ, ਜੋ ਸੀ ਸ਼ੇਰ ਬਣਾਇਆ
ਉਹ ਚਿੜੀ ਨਜ਼ਰ ਨਾ ਆਂਵਦੀ ਜਿਸਤੋਂ ਬਾਜ਼ ਤੁੜਾਇਆ
ਓਸੇ ਰਾਹੇ ਪੈ ਰਿਹਾ ਜਿੱਥੇ ਵਰਜਿਆ ਜਾਣਾ
ਗੁਰੂ ਸਾਹਿਬ ਨੇ ਸੋਚਦੇ ....


- ਪਾਵੇ ਤੇਲ ਡਕੌਂਤ ਨੂੰ ਤੇ ਲੱਖ ਸ਼ਗਨ ਵੀਚਾਰੇ
ਜੋਤ ਜਗਾਵੇ ਪੀਰ ਦੀ ਲਾਵੇ ਗੁਰੂ ਨੂੰ ਲਾਰੇ
ਸਿੰਘਣੀ ਰਖਦੀ ਵਰਤ ਨੂੰ ਰਹੇ ਤੱਕਦੀ ਤਾਰੇ
ਧੁੰਦਲਾ ਹੁੰਦਾ ਦਿਸ ਰਿਹਾ ਮੀਰੀ ਪੀਰੀ ਬਾਣਾ
ਗੁਰੂ ਸਾਹਿਬ ਨੇ ਸੋਚਦੇ ....


- ਭਾਗੋ ਮਾਈ ਵਰਗੀ ਦੱਸ ਹੁਣ ਕੀਹਨੇ ਬਣਨਾ
ਸਿੰਘਾਂ ਦੀ ਕੋਈ ਬੱਚੀ ਨਾ ਅੱਜ ਜਾਣੇ ਲੜਨਾ
ਵਿੱਚ ਮੈਦਾਨੇ ਜੰਗ ਦੇ ਵੈਰੀ ਨਾਲ ਭਿੜਨਾ
ਕੀ ਕਹਾਵੇ ਸਿੰਘ ਨੂੰ ਸਿਰ ਪਟੇ ਰਖਾਣਾ
ਗੁਰੂ ਸਾਹਿਬ ਨੇ ਸੋਚਦੇ ....

- ਝੂਠ ਨਹੀਂ ਅੱਜ ਸ਼ਮੀ ਵੀ ਪਿਆ ਸੱਚ ਸੁਣਾਵੇ
ਗੁਰੂ ਦਸਮੇਸ਼ ਪਿਤਾ ਦਾ ਜੋ ਸਿੰਘ ਕਹਾਵੇ
ਰਹਿਤਾਂ ਬਹਿਤਾਂ ਰੱਖ ਕੇ ਹੀ ਗੁ੍ਰੂ ਨੂੰ ਭਾਵੇ
ਸ਼ਮੀ ਅੰਮ੍ਰਿਤ ਛਕ ਕੇ ਹੈ ਸਿੰਘ ਸਜਾਣਾ
ਗੁਰੂ ਸਾਹਿਬ ਨੇ ਸੋਚਦੇ ...

* ਇਹ ਸਤਰਾਂ ਮਿਸ਼ਨਰੀ ਸੇਧਾਂ ਜਲੰਧਰ ਅਗਸਤ 1992 ਵਿਚ ਛਪੀਆਂ।
** ਸਤੰਬਰ 2013 ਵਿਚ ਮੁੜ ਸੋਧ ਕੀਤੀ ਗਈ।

ਦੀਦਾਰ

ਕਦੇ ਬਰਫਾਂ ਦਾ ਪਾਣੀ ਕਦੇ ਅੱਗ ਵਰਗਾ
ਦੀਦਾਰ ਤੇਰਾ ਲੱਗੇ ਯਾਰ ਰੱਬ ਵਰਗਾ

ਜਗ ਭਾਵੇਂ ਰਹੇ ਹੋਰ ਲੱਖ ਵਸਦਾ
ਇਕ ਤੂੰ ਹੀ ਲੱਗੇਂ ਸਾਰੇ ਜੱਗ ਵਰਗਾ

ਚੁੱਕ ਚੁੱਕ ਅੱਡੀਆਂ ਮੈਂ ਦੇਖਾਂ ਉੱਤੇ ਨੁੰ
ਕਿਤੋਂ ਪੈਂਦਾ ਜੇ ਭੁਲੇਖਾ ਤੇਰੀ ਪੱਗ ਵਰਗਾ

ਪਿਆਰ ਤੇਰਾ ਦੇਖ ਕੇ ਮੈਂ ਡਰਾਂ ਸੱਜਣਾ
ਕੋਈ ਦੇਖ ਨਾ ਲਵੇ ਚੋਰ ਠੱਗ ਵਰਗਾ

ਬੰਦੇ ਭਾਵੇਂ ਹੋਰ ਵੀ ਨੇ ਮਾੜੇ ਜੱਗ ਤੇ
ਮਾੜਾ ਨਹੀਂ ਹੁੰਦਾ ਪਰ ਲਾਈ ਲੱਗ ਵਰਗਾ

ਦਿਲਾਂ ਵਾਲੀ ਸਾਂਝ ਦੀ ਕਮਾਲ ਹੋ ਗਈ
ਪਿਆਰ ਦੀ ਤਾਂ ਲੱਗੇ ਸ਼ਮੀ ਹੱਦ ਵਰਗਾ


( ਸਰਕਾਰੀ ਕਾਲਜ ਤਲਵਾੜਾ ਤੇ ਮੈਗਜੀਨ ਹਿਮਵਾਕ ਦੇ 1992-93 ਅੰਕ ਪ੍ਰਕਾਸ਼ਿਤ )

ਨਸੀਹਤ

ਦੁੱਖਾਂ ਤਕਲੀਫਾਂ ਤੋਂ ਨਾ ਡਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਜਿਉਂਦਿਆਂ ਨੂੰ ਦੁੱਖ ਲੱਗ ਵਾਰੀ ਆਉਂਦੇ ਨੇ
ਗੁਰੂ ਵਾਲੇ ਸਦਾ ਨਾਮ ਹੀ ਧਿਆਉਂਦੇ ਨੇ
ਸਾਰੇ ਦੁੱਖ ਆਪੇ ਲੈਂਦਾ ਹਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

-ਤੂੰ ਸੁਆਸ ਸੁਆਸ ਵਾਹਿਗੁਰੂ ਜੇ ਕਹੇਂਗਾ
ਚੜ੍ਹਦੀ ਕਲਾ ਚ ਸਦਾ ਫੇਰ ਰਹੇਂਗਾ
ਨਾਮ ਵਾਲਾ ਮੰਗ ਇੱਕੋ ਵਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਨਾਮ ਦੇ ਜਹਾਜ਼ ਚੜ੍ਹ ਕਈ ਤਰ ਗਏ
ਚਿੰਤਾ ਕਰ ਪਰ ਕਈ ਐਵੇਂ ਮਰ ਗਏ
ਝੂਰ ਝੂਰ ਕੇ ਨਾ ਹੁਣ ਮਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

- ਕਿਹੜਾ ਦੁੱਖ ਜਿਹੜਾ ਨਾਮ ਨਹੀਂ ਹਰਦਾ
ਤੂੰ ਕਿਹੜੀ ਗੱਲੋਂ ਰਹੇਂ ਸ਼ਮੀ ਐਵੇਂ ਡਰਦਾ
ਕਿਸੇ ਚੀਜ਼ ਦਾ ਨਾ ਘਾਟਾ ਉਹਦੇ ਦਰ ਬੇਲੀਆ
ਵਾਹਿਗੁਰੂ ਵਾਹਿਗੁਰੂ ਕਰ ਬੇਲੀਆ

( Published in Sikh Phulwari Ludhiana July 1993 issue )

ਚਾਹ

ਪੱਤੀ ਪਾ ਕੇ ਥੋੜਾ ਪਾਣੀ ਪਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

-ਲਾਚੀਆਂ ਪਾ ਕੇ ਕੜਕ ਬਣਾਈ
ਦੂਰ ਦੂਰ ਤੱਕ ਮਹਿਕ ਖਿੰਡਾਈ
ਲਾਲਾ ਜੀ ਰੱਖਣਾ ਢਿੱਡ ਬਚਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਚਾਹ ਮਿਲੇਗੀ ਨੱਬੇ ਮੀਲ ਦੀ
ਦੇਖੋ ਫਿਰਦੀ ਬੰਦੇ ਕੀਲ ਦੀ
ਲਾਹ ਦਿਓ ਸੁਸਤੀ ਗੀਤ ਸੁਣਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਦੁੱਧ ਦੀ ਵਿਚ ਮਾਰੇ ਚਿਟਿਆਈ
ਪੀ ਕੇ ਭੁੱਲ ਜਾਓ ਦੁੱਧ ਮਲਾਈ
ਬੈਠੋ ਨਾ ਜੀ ਨੱਕ ਚੜ੍ਹਾ ਕੇ
ਲਿਆਇਆ ਜੀ ਮੈਂ ਚਾਹ ਬਣਾ ਕੇ

- ਚਾਹ ਨੇ ਦੁਨੀਆਂ ਪਿੱਛੇ ਲਾਈ
ਪੀਤੇ ਬਿਨ ਖਲਕਤ ਮੁਰਝਾਈ
ਸ਼ਮੀ ਕਹੇ ਪਤੀਲੀ ਖੜਕਾ ਕੇ

ਲਿਆਇਆ ਜੀ ਮੈਂ ਚਾਹ ਬਣਾਕੇ

( ਰੋਜ਼ਾਨਾ ਅਜੀਤ ਦੇ ਬਾਲ ਸੰਸਾਰ ਵਿਚ 20-9-1992 ਨੂੰ ਛਪੀ )

ਖਬਰਾਂ

ਟੀ. ਵੀ. ਤੇ ਆਉਂਦੀਆਂ ਖ਼ਬਰਾਂ, ਹਾਲੋਂ ਬੇਹਾਲ ਜੀ
ਕਰਦੀ ਸਰਕਾਰ ਗੱਲਾਂ ਜਨਤਾ ਦੇ ਨਾਲ ਜੀ

- ਲੋਟੂਆਂ ਦੀ ਦੇਖਿਓ ਆਪਾਂ ਮੌਜ ਲਾ ਦੇਵਾਂਗੇ
ਗੜਬੜ ਦਾ ਕੀ ਐ ਆਪਾਂ ਫੌਜ ਲਾ ਦੇਵਾਂਗੇ
ਘਰ ਘਰ ਚੋਂ ਜਾਣੇ ਦੇਖਿਓ, ਹੀਰੇ ਤੇ ਲਾਲ ਜੀ
ਕਰਦੀ ਸਰਕਾਰ ਗੱਲਾਂ ....

- ਹਟਾਉਣ ਲਈ ਅਸੀਂ ਗਰੀਬੀ ਕਰਜ਼ਾਈ ਵੀ ਹੋਵਾਂਗੇ
ਜਦ ਕਰੂ ਕੋਈ ਗੱਲ ਹੱਕਾਂ ਦੀ ਹਰਜ਼ਾਈ ਵੀ ਹੋਵਾਂਗੇ
ਰੇਟ ਵਧਾਕੇ ਕੱਢਾਂਗੇ ਬਲੈਕ ਦਾ ਮਾਲ ਜੀ
ਕਰਦੀ ਸਰਕਾਰ ਗੱਲਾਂ ...

- ਬੰਦੇ ਦੀ ਜਾਨ ਦਾ ਐਥੇ ਕੋਈ ਮੁੱਲ ਹੋਣਾ ਨੀ
ਮਹਿੰਗਾਈ ਦੇ ਮੂਹਰੇ ਕੋਈ ਕੌਡੀਤੁੱਲ ਹੋਣਾ ਨੀ
ਰੇਤ ਮਿਲਾ ਕੇ ਵੇਚਾਂਗੇ ਆਟਾ ਤੇ ਦਾਲ ਜੀ
ਕਰਦੀ ਸਰਕਾਰ ਗੱਲਾਂ .....

ਰੋਕਣ ਤੋਂ ਬਾਦ ਵੀ ਜੇ ਤੁਸੀਂ ਆਪਣੇ ਹੱਕ ਮੰਗੋਗੇ
ਪੁਲਸ ਜਦ ਪੁੱਤ ਬਣਾਊ ਦੱਸੋ ਕਿਵੇਂ ਖੰਘੋਗੇ
ਕਰੂ ਸ਼ਿਕਾਇਤ ਸ਼ਮੀ ਫੇਰ ਕੀਹਦੇ ਨਾਲ ਜੀ
ਕਰਦੀ ਸਰਕਾਰ ਗੱਲਾਂ .....