Share

Share |

ਮੁਲਾਜ਼ਮ ਤਾਂ ਸਾਧ ਹੁੰਦੇ ਨੇ

ਮੁਲਾਜ਼ਮ ਤਾਂ ਸਾਧ ਹੁੰਦੇ ਨੇ। ਸਾਧ ਜਾਂ ਸਾਧੂ ਸਾਰੀ ਉਮਰ ਰੱਬ ਦੀ ਭਾਲ ਵਿੱਚ ਧੂਣੀਆਂ ਧੁਖਾਉਂਦੇ ਬਿਤਾ ਛੱਡਦੇ ਹਨ। ਸਾਧਾਂ ਦੀ ਮਹਿਮਾ ਵੇਦਾਂ ਕਤੇਬਾਂ ਦੀ ਸਮਝ ਤੋਂ ਪਰ੍ਹੇ ਦੀ ਗੱਲ ਹੈ ਅਤੇ ਮੁਲਾਜ਼ਮਾਂ ਦੀ ਰਮਜ਼ ਕਿਸੇ ਖੱਬੀ ਖਾਨ ਲੀਡਰ ਲਈ ਵੀ ਸਮਝਣਾ ਮੁਸ਼ਕਿਲ ਹੈ। ਇਥੇ ਕੇਵਲ ਉਨ੍ਹਾਂ ਮੁਲਾਜ਼ਮਾਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕੇਵਲ ਆਪਣੀ ਤਨਖ਼ਾਹ ਵਿਚ ਹੀ ਆਪਣਾ ਅਤੇ ਆਪਣੇ ਟੱਬਰ ਦਾ ਗੁਜ਼ਾਰਾ ਕਰਦੇ ਹਨ। ਇਥੇ ਉਨ੍ਹਾਂ ਦੀ ਚਰਚਾ ਨਹੀਂ ਕੀਤੀ ਜਾ ਰਹੀ ਜਿਨ੍ਹਾਂ ਨੂੰ ਕਦੇ ਤਨਖ਼ਾਹ ਦੀ ਲੋੜ ਨਹੀਂ ਪੈਂਦੀ ਕਿਉਂਕਿ ਵਿਚਾਰਿਆਂ ਨੂੰ ‘ਉ¤ਪਰਲੀ’ ਕਮਾਈ ਹੀ ਐਨੀ ਹੋ ਜਾਂਦੀ ਹੈ ਕਿ ਆਪਣੇ ਟੱਬਰ ਲਈ ਸ਼ਾਇਦ ਹੀ ਕਦੇ ਹੱਕ ਹਲਾਲ ਦਾ ਨੇਕ ਸੌਦਾ ਖ਼ਰੀਦਦੇ ਹਨ। ਅਜਿਹੇ ‘ਓਪਰੀ ਕਮਾਈ’ ਵਾਲੇ ਮੁਲਾਜ਼ਮ ਘੱਟ ਅਤੇ ‘ਮੁੱਲ ਦੇ ਜ਼ਮ ਦੂਤ’ ਜ਼ਿਆਦਾ ਆਖੇ ਜਾ ਸਕਦੇ ਹਨ।




ਸਾਧਾਂ ਦੀ ਬਹੁਗਿਣਤੀ ਛੜਿਆਂ ਦੀ ਹੁੰਦੀ ਹੈ ਪਰ ਮੁਲਾਜ਼ਮਾਂ ਵਿਚ ਜ਼ਿਆਦਾਤਰ ਵਿਆਹੇ ਵਰ੍ਹੇ ਹੁੰਦੇ ਹਨ, ਟੱਬਰਦਾਰ, ਕਬੀਲਦਾਰ, ਕਰਜ਼ਦਾਰ, ਗਰਜ਼ਦਾਰ ਤੇ ਕਈ ਹੋਰ ਤਰਾਂ ਦੇ ਦਾਰ....! ਅਕਸਰ ਕਿਹਾ ਜਾਂਦਾ ਹੈ ਕਿ ਬੰਦੇ ਦੀ ਤ੍ਰਿਸ਼ਨਾ ਹਮੇਸ਼ਾ ਵਧਦੀ ਰਹਿੰਦੀ ਹੈ, ਅਮਰ ਵੇਲ ਵਾਂਗ। ਇਸੇ ਲਈ ਬਹੁਤ ਘੱਟ ਲੋਕ ਹੀ ਰੱਬ ਦਾ ਸ਼ੁਕਰੀਆ ਅਦਾ ਕਰਨ ਲਈ ਧਾਰਮਿਕ ਸਥਾਨਾਂ ਤੇ ਜਾਂਦੇ ਹਨ। ਪਰ ਫ਼ਿਰ ਵੀ ਅਜਿਹੇ ਸਥਾਨਾਂ ਤੇ ਲੋਕਾਂ ਦੀ ਭੀੜ ਕੁਰਬਲ ਕੁਰਬਲ ਕਰਦੀ ਹੈ, ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਲੱਭਦੀ। ਇਸ ਭੀੜ ਵਿਚ ਦਰਅਸਲ ਬਹੁਤੇ ਤਾਂ ਆਪਣੇ ਇਸ਼ਟ ਅੱਗੇ ਧੇਲੀ ਚੁਆਨੀ ਦਾ ਮੱਥਾ ਟੇਕ ਕੇ ਆਪਣੀਆਂ ਮੰਗਾਂ ਦੀ ‘ਨਵੀਂ ਲਿਸਟ’ ਦੇਣ ਹੀ ਜਾਂਦੇ ਹਨ। ਰੱਬਾ ਮੈਨੂੰ ਵਧੀਆ ਸਾਈਕਲ ਲੈ ਦੇ, ਸਾਈਕਲ ਮਿਲਿਆ ਤਾਂ ਸਕੂਟਰ, ਫ਼ਿਰ ਕਾਰ, ਫ਼ਿਰ ਕੋਠੀ, ਫ਼ਿਰ ਪੈਸਾ, ਹੋਰ ਪੈਸਾ, ਟੱਬਰ ਦੀ ਖੁਸ਼ਹਾਲੀ....ਹੋਰ ਲੋੜਾਂ, ਨਿੱਤ ਵਧਦੇ ਖ਼ਰਚੇ....ਸਭ ਨਾਸ਼ਵਾਨ ਚੀਜ਼ਾਂ ਰੱਬ ਕੋਲੋਂ ਮੰਗ ਰਹੇ ਹੁੰਦੇ ਹਨ। ਤੇ ਫ਼ਿਰ ਸ਼ਾਇਦ ਹੀ ਮਨਚਾਹੀ ਮੁਰਾਦ ਪ੍ਰਾਪਤ ਕਰਕੇ ਕਿਸੇ ਦੇ ਮੂੰਹੋਂ ਸ਼ੁਕਰ ਨਿਕਲਦਾ ਹੋਵੇ। ਸਗੋਂ ਆਖਣਗੇ ਕਿ ਰੱਬਾ ਆਹ ਕੀ ਕੀਤਾ....ਮੇਰੇ ਕਰਮਾਂ ’ਚ ਆਹ ਖਟਾਰਾ ਕਾਰ ਹੀ ਲਿਖੀ ਸੀ, ਦੇਣੀ ਸੀ ਤਾਂ ਕੋਈ ਨਵੀਂ ਨਕੋਰ ਗੱਡੀ ਦਿੰਦਾ, ਜਿਵੇਂ ਸਾਡੇ ਉਸ ਦੋ ਟਕੇ ਗੁਆਂਢੀ ਨੂੰ ਦੇ ਦਿੱਤੀ ਹੈ....! ਰੱਬ ਜਿਵੇਂ ਕੋਈ ਸਰਬ ਸ਼ਕਤੀਮਾਨ ਪ੍ਰਭੂ ਨਹੀਂ, ਬੱਸ ਐਵੇਂ ਹੀ ਕੋਈ ਮੁੱਲ ਖਰੀਦਿਆ ਐਰਾ ਗੈਰਾ ਨੱਥੂ ਖੈਰਾ ਗ਼ੁਲਾਮ ਹੋਵੇ, ਰੱਬਾ ਆਹ ਕਰ, ਔਹ ਲਿਆ, ਧੁੱਪੇ ਖਲੋ...!



ਪਰ ਮੁਲਾਜ਼ਮਾਂ ਦੀ ਸ਼ਰਧਾ ਜ਼ਰਾ ਹਟ ਕੇ ਹੈ। ਉਨ੍ਹਾਂ ਦਾ ਸਬੰਧ ਅਸਮਾਨ ਤੋਂ ਜ਼ਰਾਂ ਕੁ ਹੇਠਾਂ ਮੌਜੂਦ ‘ਆਪਣੀ’ ਸਰਕਾਰ ਨਾਲ ਜੁੜਿਆ ਹੋਇਆ ਹੈ। ਉਹ ਵੀ ਸਰਕਾਰ ਕੋਲੋਂ ਹਮੇਸ਼ਾ ਹੀ ਕੁਝ ਨਾ ਕੁਝ ਮੰਗਦੇ ਰਹਿੰਦੇ ਹਨ। ਨਿੱਤ ਨਵੇਂ ਮੰਗ ਪੱਤਰ, ਧਿਆਨ ਦਿਵਾਊ ਪੱਤਰ, ਨਾਹਰੇ, ਝੰਡੇ, ਮੁਜ਼ਾਹਰੇ ਆਦਿ ਉਨ੍ਹਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਸਰਕਾਰ ਨੇ ਮਹਿੰਗਾਈ ਭੱਤੇ ਦੀ ਹੋਰ ਕਿਸ਼ਤ ਦਿੱਤੀ, ਕਾਹਦੀ ਕਿਸ਼ਤ?!.².ਨਾਲ ਟੈਕਸਾਂ ਦਾ ਬੋਝ ਵੀ ਨੱਥੀ ਕਰ ਦਿੱਤਾ....ਸਰਕਾਰ ਨੇ ਮਕਾਨ ਕਿਰਾਇਆ ਭੱਤਾ ਵਧਾਇਆ, ਇਹ ਵੀ ਕੋਈ ਵਾਧਾ ਹੈ..ਸਰਕਾਰ ਨੇ ਤਨਖ਼ਾਹ ਦੁੱਗਣੀ ਕੀਤੀ, ਪਰ ਮਹਿੰਗਾਈ ਚੌਗੁਣੀ ਕਿਉਂ ਕਰ ਦਿੱਤੀ....!



ਸ਼ਿਕਵੇ ਸ਼ਿਕਾਇਤਾਂ ਦੇ ਬਾਵਜੂਦ ‘ਰੱਬ ਅਤੇ ਸਰਕਾਰ ਤੇ ਘਰ ਦੇਰ ਹੈ ਹਨੇਰ ਨਹੀਂ’ ਇਸੇ ਇੱਕ ਮਾਤਰ ਮੰਤਰ ਦੇ ਸਹਾਰੇ ਮੁਲਾਜ਼ਮ ਉਮਰਾਂ ਗੁਜ਼ਾਰ ਛੱਡਦੇ ਹਨ। ਗਿਲੇ ਸ਼ਿਕਵਿਆਂ ਦੀ ਪੰਡ ਦਾ ਭਾਰ ਮੋਢਿਆਂ ਤੇ ਚੁੱਕੀ ਕਿਸੇ ਮੁਲਾਜ਼ਮ ਨੂੰ ਜਦੋਂ ਮੈਂ ਵੇਖਦਾ ਹਾਂ ਤਾਂ ਉਹ ਮੈਨੂੰ ਹਿਮਾਲਿਆ ਪਰਬਤ ਦੀ ਚੋਟੀ ’ਤੇ ਕਠਿਨ ਤਪੱਸਿਆ ਵਿਚ ਲੀਨ ਕਿਸੇ ਹਠੀ ਸਾਧੂ ਵਰਗਾ ਜਾਪਦਾ ਹੈ। ਵੇਖਿਆ ਜਾਵੇ ਤਾਂ ਮੁਲਾਜ਼ਮ ਕੋਲ ਜੀਵਨ ਬਸਰ ਕਰਨ ਲਈ ਕੇਵਲ ਤਨਖ਼ਾਹ ਹੀ ਹੁੰਦੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਪੂਰੇ ਇੱਕ ਮਹੀਨੇ ਦੀ ਉਡੀਕ ਕਰਨੀ ਪੈਂਦੀ ਹੈ। ਤਨਖ਼ਾਹ ਮਿਲਣ ਤੋਂ ਬਾਅਦ ਪਹਿਲਾਂ ਇਕ ਹਫ਼ਤਾ ਬੇਹੱਦ ਸੁਖਾਵਾਂ ¦ਘਦਾ ਹੈ। ਫ਼ਿਰ ਅਚਾਨਕ ਤੰਗੀਆਂ ਤੁਰਸ਼ੀਆਂ ਦਾ ਡੇਰਾ ਲੱਗ ਜਾਂਦਾ ਹੈ। ਜਿਉਂ ਜਿਉਂ ਤਨਖ਼ਾਹ ਲੈਣ ਦਾ ਦਿਨ ਨੇੜੇ ਆਉਂਦਾ ਹੈ, ਬੇਰੁਖ਼ੀ ਦੀ ਤੀਬਰਤਾ ਵੀ ਅਸਹਿ ਹੁੰਦੀ ਜਾਂਦੀ ਹੈ। ਫ਼ਿਰ ਜੇਬ ਵਿਚ ਆਪਣੀ ਤਨਖ਼ਾਹ ਪਾ ਕੇ ਮੁਲਾਜ਼ਮ ਦੇ ਚਿਹਰੇ ’ਤੇ ਰੌਣਕ ਪਰਤਦੀ ਹੈ, ਚਾਹੇ ਕੁਝ ਪਲਾਂ ਲਈ ਹੀ....!



ਬੰਦੇ ਦੀਆਂ ਲੋੜਾਂ ਵਧਦੀਆਂ ਘਟਦੀਆਂ ਰਹਿੰਦੀਆਂ ਹਨ। ਧੁੱਪ ਛਾਂ ਵਾਂਗ ਦੁਖ ਸੁਖ ਦਾ ਆਉਣਾ ਜਾਣਾ ਜ਼ਿੰਦਗੀ ਨੂੰ ਆਪਣੇ ਰੰਗਾਂ ਵਿਚ ਰੰਗਦਾ ਆਪਣੀ ਤੋਰੇ ਚਲਦਾ ਰਹਿੰਦਾ ਹੈ। ਸਾਲ ਬਾਅਦ ਤਨਖਾਹ ਵਿਚ ਇੰਨਕ੍ਰੀਜ਼ਮੈਂਟ ਜਾਂ ਕਦੇ ਕਦੇ ਨਸੀਬ ਹੋਣ ਵਾਲਾ ਮਹਿੰਗਾਈ ਭੱਤਾ ਜੇ ਖ਼ੁਸ਼ੀ ਦਿੰਦਾ ਹੈ ਤਾਂ ਕਟੌਤੀਆਂ ਦੀ ਤਲਵਾਰ ਜੇਬ ਨੂੰ ਲੀਰੋ ਲੀਰ ਕਰ ਦਿੰਦੀ ਹੈ। ਆਹ ਟੈਕਸ, ਔਹ ਟੈਕਸ..! ਆਪਣੀ ਤਨਖ਼ਾਹ ਨੂੰ ਟੈਕਸ ਤੋਂ ਬਚਾਈ ਰੱਖਣ ਲਈ ਵਿਚਾਰੇ ਕਈ ਤਰਾਂ ਦੇ ਪਾਪੜ ਵੇਲਦੇ ਹਨ, ਛੋਟੀਆਂ ਵੱਡੀਆਂ ਬੱਚਤਾਂ ਦਾ ਅਮੁੱਕ ਤਾਣਾ ਬਾਣਾ ਅਕਸਰ ਰਾਤਾਂ ਦੀ ਨੀਂਦ ਉਡਾਉਂਦਾ ਹੈ। ਸ਼ਾਇਦ ਇਸੇ ਲਈ ਕਿਸੇ ਭੱਤੇ ਆਦਿ ਦਾ ਐਲਾਨ ਸੁਣਨ ਤੋਂ ਬਾਅਦ ਮੁਲਾਜ਼ਮ ਤਬਕੇ ਵਿਚ ਇਹ ਚੁੰਝ ਚਰਚਾ ਜੋਰ ਫੜ ਜਾਂਦੀ ਹੈ ਕਿ ਯਾਰ, ਜੇ ਇਕ ਰੁਪਿਆ ਦਿੱਤੈ ਤਾਂ ਦੋ ਰੁਪਈਏ ਟੈਕਸ ਵੀ ਲੱਗੂ...! ਨਾ ਹਾੜ੍ਹ ਸੁੱਕੇ, ਨਾ ਸਾਉਣ ਹਰੇ।



ਮੈਨੂੰ ਇਸ ਹਾਲਤ ਦੀ ਤਰਜ਼ਮਾਨੀ ਕਰਦਾ ਅਕਬਰ ਬੀਰਬਲ ਦਾ ਇਕ ਮਨਘੜਤ ਕਿੱਸਾ ਯਾਦ ਆਉਂਦਾ ਹੈ। ਕਹਿੰਦੇ ਹਨ ਕਿ ਅਕਬਰ ਅਕਸਰ ਆਪਣੇ ਮੁਲਾਜ਼ਮਾਂ ਦੀ ਅਕਲ ਦਾ ਟੈਸਟ ਲੈਣ ਲਈ ਕੋਈ ਨਾ ਕੋਈ ਪੇਚਾ ਪਾਈ ਰੱਖਦਾ ਸੀ।



ਇਕ ਦਿਨ ਉਸਨੇ ਆਪਣੇ ਵਜ਼ੀਰ ਦੇ ਸਾਹਮਣੇ ਇਕ ਦਿਲਚਸਪ ਟੈਸਟ ਰੱਖਿਆ। ਉਸਨੇ ਕਿਹਾ ਕਿ ਸ਼ਾਹੀ ਇੱਜੜ ਵਿਚੋਂ ਚਾਲੀ ਦਿਨਾਂ ਲਈ ਇਕ ਬੱਕਰੀ ਦਿੱਤੀ ਜਾਵੇਗੀ, ਜਿਸ ਦੇ ਰਹਿਣ ਅਤੇ ਖ਼ਾਣ ਪੀਣ ਦਾ ਖ਼ਰਚਾ ਸ਼ਾਹੀ ਖਜ਼ਾਨੇ ਵਿਚੋਂ ਦਿੱਤਾ ਜਾਵੇਗਾ, ਪਰ ਸ਼ਰਤ ਇਹ ਹੈ ਕਿ ਇਸ ਬੱਕਰੀ ਦਾ ਭਾਰ ਚਾਲੀ ਦਿਨਾਂ ਬਾਅਦ ਵੀ ਠੀਕ ਓਨਾ ਹੀ ਹੋਣਾ ਚਾਹੀਦਾ ਹੈ ਜਿੰਨਾ ਕਿ ਅੱਜ ਹੈ। ਸਭ ਕੁਝ ਠੀਕ ਠਾਕ ਹੋਇਆ ਤਾਂ ਢੇਰ ਸਾਰੇ ਇਨਾਮ ਸਨਮਾਨ ਅਤੇ ਭਾਰ ਜ਼ਰਾ ਵੀ ਵੱਧ ਘੱਟ ਹੋਇਆ ਤਾਂ ਵਜ਼ੀਰੀ ਖ਼ਤਮ ਅਤੇ ਬਾਰਾਂ ਸਾਲ ਦੀ ਬਾ ਮੁਸ਼ੱਕਤ ਸਜ਼ਾ। ਯਾਦ ਰਹੇ ਕਿ ਬੱਕਰੀ ਇਕ ਦਿਨ ਵੀ ਭੁੱਖੀ ਨਹੀਂ ਰਹਿਣੀ ਚਾਹੀਦੀ। ਬੱਕਰੀ ਤੋਲ ਕੇ ਵਜ਼ੀਰ ਨੂੰ ਦੇ ਦਿੱਤੀ ਗਈ। ਇਸ ਮਾਮੂਲੀ ਜਿਹੀ ਲੱਗਣ ਵਾਲੀ ਗੱਲ ਨੇ ਛੇਤੀ ਹੀ ਵਜ਼ੀਰ ਦੀ ਰਾਤਾਂ ਦੀ ਨੀਂਦਉਡਾ ਦਿੱਤੀ। ਖ਼ੁਰਾਕ ਨਾਲ ਬੱਕਰੀ ਦਾ ਭਾਰ ਤਾਂ ਮਹਿੰਗਾਈ ਵਾਂਗ ਵਧਦਾ ਹੀ ਜਾ ਰਿਹਾ ਸੀ, ਜਿਸ ਦਾ ਮਤਲਬ ਸੀ ਕਿ ਸਭ ਕੁਝ ਅੱਛਾ ਨਹੀਂ ਹੈ...! ਆਖ਼ਿਰ ਉਸਨੇ ਬੀਰਬਲ ਕੋਲੋਂ ਸਲਾਹ ਲਈ, ਜੋ ਕਾਮਯਾਬ ਰਹੀ। ਸਲਾਹ ਸੀ ਕਿ ਬੱਕਰੀ ਦੇ ਭੋਜਨ ਵਿਚ ਕੋਈ ਕਟੌਤੀ ਨਾ ਕੀਤੀ ਜਾਵੇ ਪਰ ਭੋਜਨ ਤੋਂ ਬਾਅਦ ਬੱਕਰੀ ਨੂੰ ਇੱਕ ਪਿੰਜਰਾ ਬੰਦ ਭਿਆਨਕ ਬੱਬਰ ਸ਼ੇਰ ਦੇ ਦਰਸ਼ਨ ਕਰਵਾਏ ਜਾਣ। ਅਜਿਹਾ ਹੀ ਕੀਤਾ ਗਿਆ। ਰੋਜ਼ਾਨਾ ਖੁਰਾਕ ਦੇਣ ਤੋਂ ਬਾਅਦ ਕੁਝ ਪਲ ਲਈ ਬੱਕਰੀ ਨੂੰ ਸ਼ੇਰ ਦੇ ਪਿੰਜਰੇ ਸਾਹਮਣੇ ਲਿਆਂਦਾ ਜਾਂਦਾ। ਸ਼ੇਰ ਦੀ ਗਰਜ ਸੁਣ ਕੇ ਵਿਚਾਰੀ ਬੱਕਰੀ ਦੀਆਂ ਨਬਜ਼ਾਂ ਰੁਕ ਰੁਕ ਜਾਂਦੀਆਂ, ਸੁਆਦੀ ਭੋਜਨ ਕਰਕੇ ਜਿਹੜਾ ਪਾਈਆ ਖ਼ੂਨ ਵਧਦਾ, ਸ਼ੇਰ ਦੇ ਲਲਕਾਰੇ ਸੁਣਦਿਆਂ ਹੀ ਖ਼ਾਧਾ ਪੀਤਾ ਬਰਾਬਰ ਹੋ ਜਾਂਦਾ। ਚਾਲੀ ਦਿਨਾਂ ਬਾਅਦ ਜਦੋਂ ਬੱਕਰੀ ਨੂੰ ਦਰਬਾਰ ਵਿਚ ਫ਼ਿਰ ਤੋਲਿਆ ਗਿਆ ਤਾਂ ਉਸਦਾ ਭਾਰ ਠੀਕ ਪਹਿਲਾਂ ਜਿੰਨਾ ਹੀ ਨਿਕਲਿਆ।



ਮੁਲਾਜ਼ਮਾਂ ਦਾ ਹਾਲ ਵੀ ਵਿਚਾਰੀ ਉਸ ਬੱਕਰੀ ਵਾਲਾ ਹੀ ਹੁੰਦਾ ਹੈ। ਜੇ ਮਾਸਿਕ ਤਨਖ਼ਾਹ ਰੂਪੀ ਖ਼ੁਰਾਕ ਉਨ੍ਹਾਂ ਨੂੰ ਜੀਵਨ ਦਿੰਦੀ ਹੈ ਤਾਂ ਕਟੌਤੀਆਂ ਰੂਪੀ ਬੱਬਰ ਸ਼ੇਰ ਉਨ੍ਹਾਂ ਨੂੰ ਕਦੇ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦਾ। ਨਾ ਉਹ ਭੁੱਖੇ ਮਰਦੇ ਹਨ, ਨਾ ਹੀ ਰੱਜਦੇ ਹਨ। ਸ਼ਾਇਦ ਇਸੇ ਲਈ ਉਨ੍ਹਾਂ ਦੀਆਂ ਮੰਗਾਂ ਅਮਰ ਵੇਲ ਵਾਂਗ ਚਿਰਾਂ ਤੱਕ ਲਟਦੀਆਂ ਰਹਿੰਦੀਆਂ ਹਨ।



ਤਨਖ਼ਾਹਦਾਰ ਬੰਦੇ ਲਈ ਸਰਕਾਰੀ ਟੈਕਸਾਂ ਤੋਂ ਬਚਣਾ ਬੇਹੱਦ ਔਖਾ ਹੈ, ਪਰ ਦੋ ਨੰਬਰ ਵਾਲੇ ਧੰਦੇ ਵਾਲੇ ਮੁਨਾਫ਼ਾਖੋਰ ਵਪਾਰੀਆਂ ਅਤੇ ਰਿਸ਼ਵਤਖ਼ੋਰ ਕਿਸਮ ਦੇ ਮੁੱਠੀ ਭਰ ਲੋਕਾਂ ਦੀ ਮੋਟੀ ਜੇਬ ਉਪਰ ਕਦੇ ਕੋਈ ਟੈਕਸ ਨਹੀਂ ਸੁਣਿਆ। ਹਰ ਬਜਟ ਵਿਚ ਸਰਕਾਰ ਨੂੰ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੀ ਤਨਖ਼ਾਹ ਹੀ ਦਿਸਦੀ ਹੈ, ਪਰ ਸਵਿਸ ਬੈਂਕਾਂ ਦੇ ਖ਼ਾਤੇ ਵਾਲੇ ਕਾਲੇ ਚੋਰਾਂ ਦੀ ਟੋਲੀ ਅਤੇ ਕਾਲੇ ਧਨ ਦੀ ਤਿਜੋਰੀ ਕਦੇ ਨਹੀਂ ਦਿਸਦੀ...।



ਜਿਵੇਂ ਭਗਤਾਂ ਨੂੰ ਪ੍ਰਭੂ ਦੀ ਪ੍ਰਾਪਤੀ ਲਈ ਆਪਣੀ ਭਗਤੀ ਦਾ ਜ਼ੋਰਦਾਰ ਪ੍ਰਦਰਸ਼ਨ ਕਰਨਾ ਪੈਂਦਾ ਹੈ, ਉਸੇ ਤਰਾਂ ਹੀ ਮੁਲਾਜ਼ਮ ਵੀ ਬੇਨਿਯਮੀਆਂ, ਬੇਇਨਸਾਫ਼ੀਆਂ ਅਤੇ ਬੇਕਾਰ ਦੀਆਂ ਗੱਲਾਂ ਵਿਰੁੱਧ ਸਰਕਾਰ ਰੂਪੀ ਮੱਝ ਅੱਗੇ ਬੀਨ ਵਜਾਉਣ ਦਾ ਯਤਨ ਕਰਦੇ ਰਹਿੰਦੇ ਹਨ। ਪਰ ਇਤਿਹਾਸ ਦੱਸਦਾ ਹੈ ਕਿ ਅਜਿਹੀ ਬੀਨ ਮਾੜੀ ਮੋਟੀ ਹਿਲਜੁੱਲ ਤੋਂ ਬਿਨਾਂ ਬੇਅਸਰ ਹੀ ਰਹਿੰਦੀ ਹੈ। ਇਸ ਗੱਲ ਦਾ ਸਬੂਤ ਹਰ ਮੁਜਾਹਰੇ ਤੋ ਬਾਅਦ ਹੋਣ ਵਾਲਾ ਅਗਲਾ ਮੁਜ਼ਾਹਰਾ ਦੇ ਦਿੰਦਾ ਹੈ। ਜਿਵੇਂ ਸਾਧਾਂ ਦੀਆਂ ਧੂਣੀਆਂ ਅਮਰ ਹਨ, ਇਸੇ ਤਰਾਂ ਮੁਲਾਜ਼ਮਾਂ ਦੇ ਧਰਨੇ ਵੀ ਅਮਰ ਹਨ।

2 comments:

  1. excellent......................... dear sir.

    ReplyDelete
  2. rab ji ne bhahut bada hunar dita aap ji nu,
    rab kare tuhadi kalam vicho ho bhi duniaavi katash niklde rehan,

    ReplyDelete