ਜਿੱਦੀ ਬੰਦਾ ਦੂਜਿਆਂ ਲਈ ਮੁਸ਼ਕਿਲਾਂ ਦੇ ਅੰਬਾਰ ਖੜ੍ਹੇ ਕਰਨ ਵਿਚ ਕੁਦਤਰੀ ਤੌਰ ਤੇ ਮਾਹਿਰ ਹੁੰਦਾ ਹੈ। ਆਪਣੀ ਜਿੱਦ ਪੁਗਾਉਣ ਦੇ ਚੱਕਰ ’ਚ ਉਹ ਨਫ਼ੇ ਨੁਕਸਾਨ ਦੀ ਪਰਵਾਹ ਘੱਟ ਹੀ ਕਰਦਾ ਹੈ। ਮੇਲੇ ਵਿਚ ਮਾਪਿਆਂ ਦੀ ਉਂਗਲੀ ਫੜ ਕੇ ਤੁਰੇ ਜਾਂਦੇ ਕਿਸੇ ਚੰਚਲ ਜੁਆਕ ਨੂੰ ਵੇਖਿਆਂ ਇਉਂ ਲਗਦਾ ਹੈ ਜਿਵੇਂ ਉਹ ਕਿਸੇ ਨਿਰਮਲ ਝੀਲ ਵਿਚ ਮੁਰਗਾਬੀ ਵਾਂਗ ਤੈਰਦਾ ਫ਼ਿਰ ਰਿਹਾ ਹੋਵੇ। ਬੇਫ਼ਿਕਰ, ਬੇਪਰਵਾਹ, ਬਾਦਸ਼ਾਹ। ਹਰ ਦੁਕਾਨ ਉਸਨੂੰ ਆਪਣੀ ਲਗਦੀ ਹੈ ਤੇ ਉਹ ਹਰ ਸ਼ੈਅ ਨੂੰ ਹਾਸਿਲ ਕਰਨ ਦੀ ਜਿੱਦ ਕਰਦਾ ਹੈ। ਮਾਪੇ ਆਪਣੀ ਇੱਛਾ ਅਤੇ ਜੇਬ ਦਾ ਆਕਾਰ ਵੇਖ ਕੇ ਜਿੱਥੋਂ ਤੱਕ ਹੋ ਸਕੇ, ਜਿੱਦ ਪੁਗਾਉਂਦੇ ਹਨ ਅਤੇ ਜਦੋਂ ਗੱਲ ਵਸੋਂ ਬਾਹਰ ਹੋ ਜਾਵੇ ਤਾਂ ਫ਼ਿਰ ਰੱਬ ਹੀ ਰਾਖਾ। ਕਈ ਮਾਪੇ ਇਸ ਸਥਿਤੀ ਤੋਂ ਬਚਣ ਲਈ ਆਪਣੇ ਦੁਆਲੇ ਖ਼ੌਫ਼ਨਾਕ ਚੁੱਪ ਜਾਂ ਫ਼ਿਰ ਕਰੋਧ ਦੀ ਕੰਧ ਖੜ੍ਹੀ ਕਰ ਲੈਂਦੇ ਹਨ, ਜਿਸ ਨੂੰ ਪਾਰ ਕਰਨਾ ‘ਨਿਆਣਿਆਂ’ ਵਾਲੀ ਗੱਲ ਨਹੀਂ ਹੁੰਦੀ। ਬੱਚਿਆਂ ਦੀ ਉਮਰ ਤੱਕ ਜਿੱਦ ਠੀਕ ਹੈ ਪਰ ਕਈਆਂ ਦੀ ਉਮਰ ਵਧਣ ਨਾਲ ਜਿੱਦ ਦਾ ਤਾਣਾ ਪੇਟਾ ਵੀ ਖਾਸਾ ਉਲਝ ਜਾਂਦਾ ਹੈ। ਅਜਿਹੇ ਬੰਦੇ ਆਪ ਦੁਖੀ ਤੇ ਮੁਹੱਲਾ ਪ੍ਰੇਸ਼ਾਨ ਵਾਲਾ ਵਾਤਾਰਵਨ ਪੈਦਾ ਕਰ ਦਿੰਦੇ ਹਨ। 

ਬੜੀ ਪੁਰਾਣੀ ਹੱਡਬੀਤੀ ਚੇਤੇ ਆ ਰਹੀ ਹੈ। ਨਿੱਕੇ ਹੁੰਦਿਆਂ ਦਾਦਕੇ ਪਿੰਡ ਦੇ ਨਾਲ ਲਗਦੇ ਪਿੰਡ ਮੇਲਾ ਲਗਦਾ ਸੀ। ਦਾਦੀ ਨੇ ਸਾਰਾ ਟੱਬਰ ਤਿਆਰ ਕੀਤਾ। ਪਿੰਡੋਂ ਜੱਟਾਂ ਦੀ ਟਰਾਲੀ ਮੇਲੇ ਜਾਣ ਲਈ ਤਿਆਰ ਸੀ। ਬੜੀ ਧੂਮਧਾਮ ਨਾਲ ਹੱਸਦੇ ਖੇਡਦੇ ਮੇਲੇ ਜਾ ਪੁੱਜੇ। ਸਾਰਾ ਦਿਨ ਫ਼ਿਰ ਤੁਰ ਕੇ ਮੇਲਾ ਵੇਖਿਆ। ਸ਼ਾਮ ਹੋਈ। ਮੇਲੇ ਵਿੱਚ ਸ਼ਰਾਬੀ ਬੁੱਕਣ ਲੱਗੇ ਤਾਂ ਘਰਾਂ ਨੂੰ ਵਾਪਸੀ ਲਈ ਇੱਕ ਇੱਕ ਕਰਕੇ ਸਾਰੀਆਂ ਢਾਣੀਆਂ ਆਪਣੀ ਟਰਾਲੀ ਕੋਲ ਪੁੱਜ ਗਈਆਂ। ਟਰੈਕਟਰ ਦਾ ਮਾਲਕ ਅਜੇ ਮੇਲੇ ਵਿਚ ਹੀ ਕਿਧਰੇ ਮਸਤ ਸੀ। ਉਸਦੇ ਟੱਬਰ ਵਿੱਚੋਂ ਉਸਦੇ ਛੋਟੇ ਭਰਾ ਨੇ ਜਿੱਦ ਫੜ ਲਈ, ‘ਹੁਣੇ ਚੱਲੋ, ਨਾਲੇ ਟਰੈਕਟਰ ਮੈਂ ਚਲਾਊਂ।’ ਸਿਆਣੇ ਆਖਣ, ‘ਕਾਕਾ ਤੂੰ ਹੀ ਚਲਾ ਲਵੀਂ, ਚਾਬੀ ਵਾਲੇ ਨੂੰ ਤਾਂ ਆਉਣ ਦੇ ਕੇਰਾਂ ...’
‘ਲੈ! ਚਾਬੀ ਦੀ ਕੀ ਲੋੜ ਐ, ਮੈਂ ਏਸ ਛੁਣਕਣੇ ਨਾਲ ਹੀ ਸਟਾਰਟ ਕਰ ਦਉਂ !’ ਬਹਿਸ ਕਰਦਿਆਂ ਉਸਨੇ ਕਿਸੇ ਤਰਾਂ ਟੀਨ ਦੇ ਨਿੱਕੇ ਜਿੱਹੇ ਛੁਣਕਣੇ ਦੀ ਡੰਡੀ ਨਾਲ ਹੀ ਟਰੈਕਟਰ ਸਟਾਰਟ ਕਰ ਦਿੱਤਾ। ਟਰੈਕਟਰ ਦੇ ਸਲੈਂਸਰ ਵਿਚੋਂ ਧੂੰਏਂ ਦਾ ਫੱਕਾ ਨਿਕਲਦਿਆਂ ਹੀ ਸਭ ਭੱਜ ਕੇ ਆਪੋ ਆਪਣੀ ਥਾਂ ਜਾ ਬੈਠੇ। ਡਰੈਵਰ ਕੁਝ ਜਿਆਦਾ ਹੀ ਜੋਸ਼ ਵਿਚ ਜਾਪਦਾ ਸੀ। ਬੁੜ੍ਹੀਆਂ ਰੌਲਾ ਪਾਈ ਜਾਣ, ‘ਵੇ ਹੌਲੀ ਮਰ ਲਓ, ਫ਼ੂਕ ਲਓ, ਢੈਹ ਜਾਣੀ ਦੇ ਕਿਵੇਂ ਭਜਾਈ ਜਾ ਰਹੇ ਨੇ! ਨਾ ਤੁਸੀਂ ਗਾਹਾਂ ਜਾਕੇ ਕਿਹੜਾ ਜਹਾਜ ਚੜ੍ਹਨੈ ...!’
ਪਰ ਹਵਾ ਦੇ ਫ਼ਰਾਟੇ, ਸੜਕ ਦੇ ਟੋਏ ਅਤੇ ਟਰੈਕਟਰ ਦੀ ਰਫ਼ਤਾਰ ’ਚ ਕੰਨ ਪਾਈ ਆਵਾਜ ਨਹੀਂ ਸੀ ਸੁਣ ਰਹੀ। ਮੈਂ ਟਰਾਲੀ ਵਿਚ ਦਾਦੀ ਕੋਲ ਬੈਠਾ ਆਪਣੇ ਸਿਰ ਉੱਤੋਂ ਲੰਘ ਰਹੇ ਦਰੱਖਤਾਂ ਨੂੰ ਏਨੀ ਤੇਜ਼ ਲੰਘਦਿਆਂ ਤੱਕੀ ਜਾ ਰਿਹਾ ਸੀ। ਪਿੰਡ ਦੀ ਫ਼ਿਰਨੀ ਤੇ ਟਰੈਕਟਰ ਨੇ ਸ਼ਾਇਦ ਪੂਰੀ ਰਫ਼ਤਾਰ ਤੇ ਹੀ ਮੋੜ ਕੱਟਿਆ ਤੇ ਟਰਾਲੀ ਦਾ ਇੱਕ ਟੈਰ ਚੱਕਿਆ ਗਿਆ ਅਤੇ ਮੇਰੇ ਸਾਹਮਣੇ ਬੈਠੀ ਇਕ ਮਾਈ ‘ਬੂਅਅਅ ਵੇ !’ ਕਰਕੇ ਸਾਡੇ ਉੱਤੇ ਡਿੱਗਦੀ ਮਸਾਂ ਬਚੀ। ਇਸ ਤੋਂ ਬਾਅਦ ਇੱਕ ਮੋੜ ਹੋਰ ਆਇਆ ... ਤੇ ਬੱਸ ਧੜੱਮ, ਇੱਕ ਪਲ ਲਈ ਜਿਵੇਂ ਪੂਰੀ ਸ਼ਾਂਤੀ ਹੋ ਗਈ ਹੋਵੇ। ਫ਼ਿਰ ਅਚਾਨਕ ਚੀਕ ਚਿਹਾੜਾ ਪੈ ਗਿਆ। ਟਰਾਲੀ ਟਰੈਕਟਰ ਨਾਲੋਂ ਵੱਖ ਹੋ ਕੇ ਬਿਲਕੁਲ ਮੂਧੀ ਹੋ ਗਈ। ਮੈਂ ਤੇ ਸਾਡਾ ਸਾਰਾ ਟੱਬਰ ਹੈਰਾਨਜਨਕ ਢੰਗ ਨਾਲ ਖਤਾਨਾਂ ਵਿਚ ਇਉਂ ਖਿੱਲਰਿਆ ਪਿਆ ਸੀ ਜਿਵੇਂ ਕਿਸੇ ਨੇ ਗੁਲੇਲ ’ਚ ਪਾ ਪਾ ਕੇ ਸੁੱਟੇ ਹੋਣ! ਪਲਾਂ ਵਿਚ ਹੀ ਸਾਰਾ ਪਿੰਡ ਇਕੱਠਾ ਹੋਇਆ ਤੇ ਬਚਾਓ ਕਾਰਜ ਸ਼ੁਰੂ ਹੋ ਗਏ। ਬਾਅਦ ਵਿਚ ਪਤਾ ਲੱਗਿਆ ਕਿ ਸਾਡੇ ਤਾਂ ਸਾਰੇ ਜੀਅ ਖੇਤਾਂ ਚੋਂ ਇੱਧਰੋਂ ਓਧਰੋਂ ਸਹੀ ਸਲਾਮਤ ਮਿਲ ਗਏ ਪਰ ਸਾਰੇ ਟੱਬਰ ਸ਼ਾਇਦ ਏਨੇ ਖੁਸ਼ਕਿਸਮਤ ਨਹੀਂ ਸਨ। ਦੋ ਬੰਦੇ ਟਰਾਲੀ ਹੀ ਦੱਬੇ ਗਏ ਅਤੇ ਕਈਆਂ ਦੇ ਹੱਡ ਗੋਡੇ ਤਿੜਕ ਗਏ। ਰੱਬ ਦਾ ਸ਼ੁਕਰ ਹੈ ਕਿ ਅੱਜਕਲ• ਚੀਨੀ ਖਿਡੌਣਿਆਂ ਦੀ ਚਕਾਚੌਂਧ ਵਿਚ ਪੁਰਾਣੇ ਟੀਨ ਦੇ ਛੁਣਕਣੇ ਕਿਧਰੇ ਗਵਾਚ ਗਏ ਹਨ ਪਰ ਜਦੋਂ ਵੀ ਕਿਸੇ ਜਿੱਦੀ ਕਿਸਮ ਦੇ ਬੰਦੇ ਨਾਲ ਵਾਹ ਪੈਂਦਾ ਹੈ ਤਾਂ ਦਿਲ ਦੇ ਕਿਸੇ ਕੋਨੇ ਵਿਚ ਪਈ ਉਹ ਪੁਰਾਣੀ ਛੁਣਕਣੇ ਵਾਲੀ ਚਾਬੀ ਚਮਕ ਮਾਰ ਹੀ ਜਾਂਦੀ ਹੈ।
ਸਮਰਜੀਤ ਸਿੰਘ
ਮੋਬਾਇਲ: 94173 55724
ਸਮਰਜੀਤ ਸਿੰਘ
ਮੋਬਾਇਲ: 94173 55724
No comments:
Post a Comment