Share

Share |

ਅਮਲੀਨਾਮਾ

ਹਰ ਸ਼ਬਦ ਦਾ ਹਰ ਬੰਦੇ ਲਈ ਵੱਖਰਾ ਅਰਥ ਹੋ ਸਕਦਾ ਹੈ। ਵੇਖੋ ਨਾ ਇੱਕ ਗੀਤ ਆਇਆ ਕਿ ‘ਓਥੇ ਅਮਲਾਂ ਦੇ ਹੋਣਗੇ ਨਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ ... ’। ਏਸ ਗੀਤ ਨੂੰ ਸੁਣਕੇ ਬਹੁਤੇ ਬੰਦੇ ਆਪਣੀ ‘ਜਾਤ ਪਾਤ’ ਤੋਂ ਉੱਪਰ ਉੱਠ ਕੇ ਵੰਨ ਸੁਵੰਨੇ ਨਸ਼ੇ ਪੱਤੇ ਦਾ ‘ਅਮਲ’ ਹੀ ਕਰਨ ਗੱਲ ਪਏ! ਧਾਰਮਿਕ ਥਾਵਾਂ ਤੇ ਭਾਵੇਂ ਬੜੇ ਸੰਕੋਚ ਨਾਲ ਆਪੋ ਆਪਣੇ ਖ਼ਾਸ ਵਰਗ ਵਿਚ ਹੀ ਬੰਦੇ ਸ਼ਾਮਿਲ ਹੁੰਦੇ ਹੋਣ, ਪਰ ਠੇਕੇ ਮੂਹਰੇ ਤੇ ‘ਗੌਰਮਿੰਟ ਤੋਂ ਮਨਜੂਰਸ਼ੁਦਾ ਅਹਾਤਾ’ ਦੇ ਬੋਰਡ ਹੇਠ ਸਭ ਧਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਆਬ ਏ ਸ਼ੈਤਾਨ ਭਾਵ ਸ਼ਰਾਬ ਡੱਫ਼ ਰਹੇ ਹੁੰਦੇ ਹਨ। ਕਮਾਲ ਦੀ ਗੱਲ ਹੈ ਕਿ ਮਿੰਟ ਮਿੰਟ ਤੇ ਗੌਰ ਕਰਨ ਵਾਲੀ ਗੌਰਮਿੰਟ ਅਜਿਹੇ ‘ਸ਼ੁਦਾ’ ਲਈ ਵੀ ‘ਅਹਾਤੇ’ ਮਨਜੂਰ ਕਰਦੀ ਹੈ। ਏਥੇ ਹੀ ਬੱਸ ਨਹੀਂ ਪੰਜਾਬ ਵਿਚ ਤਾਂ ਬੋਤਲ ਦੇ ਸਿਰ ਤੇ ਸਿੱਖਿਆ ਟੈਕਸ ਇਕੱਠਾ ਹੋ ਰਿਹਾ ਹੈ।
ਸਿਆਣੇ ਕਹਿੰਦੇ ਸਨ ਕਿ ਜਿਹੋ ਜਿਹਾ ਅੰਨ ਖਾਈਏ, ਓਹੋ ਜਿਹਾ ਮਨ ਹੋ ਜਾਂਦਾ ਹੈ। ਹੁਣ ਸ਼ਰਾਬ ਦੀ ਬੋਤਲ ਦੇ ਸਿਰ ਤੇ ਸਿੱਖਿਆ ਲੈ ਰਹੇ ਜੁਆਕ ਭਲਾ ਆਪਣੇ ਸਿਰ ਤੋਂ ਸ਼ਰਾਬੀਆਂ ਦਾ ਅਹਿਸਾਨ ਕਿਉਂ ਨਹੀਂ ਲਾਹੁਣਗੇ? ਹੋਰ ਤਾਂ ਹੋਰ ‘ਠੇਕਾ’ ਸ਼ਬਦ ਸਰਕਾਰਾਂ ਨੂੰ ਏਨਾ ਜਚ ਗਿਆ ਹੈ ਕਿ ਉਹ ਹਰ ਕੰਮ ਹੀ ਠੇਕੇ ਤੇ ਕਰਵਾਉਣ ਦਾ ਤਹੱਈਆ ਕਰ ਚੁੱਕੀ ਹੈ। ਇੱਥੋਂ ਤੱਕ ਕਿ ਸਕੂਲਾਂ ਦਾ ਸਟਾਫ਼ ਵੀ ‘ਠੇਕੇ’ ਹੀ ਭਰਤੀ ਕੀਤਾ ਜਾ ਰਿਹਾ ਹੈ। ਖ਼ੈਰ, ‘ਨਸ਼ਾ ਹੀ ਜਿੰਦਗੀ ਹੈ’ ਦਾ ਨਾਹਰਾ ਮਾਰਕੇ ਜਦ ਕੋਈ ਅਮਲੀ ਆਪਣੀ ਲੋਰ ਵਿਚ ਆਉਂਦਾ ਹੈ ਤਾਂ ਉਸ ਪਲ ਉਸਨੂੰ ਲਗਦਾ ਹੀ ਨਹੀਂ ਕਿ ਨਸ਼ਾ ਉਸਨੂੰ ਸਰਬ ‘ਨਾਸ਼’ ਦੇ ਕਿੰਨਾ ਨੇੜੇ ਖਿੱਚ ਰਿਹਾ ਹੈ। ਜਦੋਂ ਪੰਜਾਬੀ ਗਾਇਕਾਂ ਦੀ ਭੀੜ ਵਿਚ ਵੱਖਰੀ ਪਹਿਚਾਣ ਬਣਾਉਣ ਤੇ ਬਚਾਈ ਰੱਖਣ ਵਾਲੇ ਗਾਇਕ ਗੁਰਦਾਸ ਮਾਨ ਨੇ ਬੜੀ ਪਹਿਲਾਂ ਪੰਜਾਬੀ ਗੱਭਰੂਆਂ ਦੀ ਤਸਵੀਰ ਪੇਸ਼ ਕੀਤੀ ਸੀ, ‘ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ, ਖੜਕਣ ਹੱਡੀਆਂ ਵਜਾਉਣ ਡਮਰੂ ...’ ਉਦੋਂ ਲੋਕ ਸੁਲਫ਼ਾ, ਸ਼ਰਾਬ, ਅਫ਼ੀਮ, ਡੋਡੇ ਆਦਿ ਨਸ਼ੇ ਕਰਦੇ ਸਨ ਪਰ ਬਾਕੀ ਖੇਤਰਾਂ ਵਾਂਗ ਨਸ਼ਾ ਜਗਤ ਨੇ ਬੇਸ਼ੁਮਾਰ ਤਰੱਕੀ ਕਰ ਲਈ ਹੈ। ਮਰੀਜ਼ਾਂ ਦੇ ਇਲਾਜ ਵਿਚ ਵਰਤੀਆਂ ਜਾਂਦੀਆਂ ਦਵਾਈਆਂ ਹੁਣ ਅਮਲੀਆਂ ਨੂੰ ‘ਸਸਤਾ’ ਮਾਲ ਬਣ ਚੁੱਕੀਆਂ ਹਨ।
ਆਖਿਰ ਨਸ਼ੇ ਦਾ ਸਫ਼ਰ ਹੁੰਦਾ ਕਿਵੇਂ ਹੈ? ਸਮਾਜਿਕ ਦਾਇਰਾ ਭਾਵ ਯਾਰ ਬੇਲੀ, ਰਿਸ਼ਤੇਦਾਰ, ਪਹਿਲਾਂ ਤੋਂ ਹੀ ਸਥਾਪਿਤ ਅਮਲੀ ਭਾਈਚਾਰਾ ਨਵੇਂ ‘ਕਬੂਤਰਾਂ’ ਨੂੰ ਚਾਟ ਤੇ ਲਾ ਦਿੰਦਾ ਹੈ। ਇੱਥੇ ਕਮਜੋਰ ਇੱਛਾ ਸ਼ਕਤੀ ਵਾਲੇ ਬੰਦੇ ਲਈ ਟਿਕਣਾ ਔਖਾ ਹੋ ਜਾਂਦਾ ਹੈ ਤੇ ਉਹ ਚੁੱਪਚਾਪ ਰੁੜ੍ਹ ਜਾਂਦਾ ਹੈ ਧਰਤੀ ਦੀ ਹਿੱਕ ਤੇ ਸਦੀਆਂ ਤੋਂ ਚਲੇ ਆ ਰਹੀ ਨਸ਼ਿਆਂ ਦੀ ਕਾਲੀ ਨਦੀ ਦੇ ਵਹਿਣਾਂ ਦੇ ਨਾਲ ਨਾਲ, ਜਿਸ ਦਾ ਅੰਤ ਬਰਬਾਦੀਆਂ ਦੇ ਖੌਲਦੇ ਸਮੁੰਦਰ ਵਿਚ ਹੁੰਦਾ ਹੈ। ਆਪਣੇ ਆਲੇ ਦੁਆਲੇ ਅਤੇ ਘਰ ਵਿਚ ਝਾਤੀ ਮਾਰਦਿਆਂ ਅਸੀਂ, ਜੇਕਰ ਆਪ ਬਚੇ ਹੋਏ ਤਾਂ, ਅਮਲੀ ਜਗਤ ਦੀ ਤਰਾਸਦੀ ਮਹਿਸੂਸ ਕਰ ਸਕਦੇ ਹਾਂ। ਨਸ਼ੇ ਦੀ ਲਤ ਪੂਰੀ ਕਰਨ ਲਈ ਉਹ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਰਾਜੇ ਤੋਂ ਰੰਕ ਅਤੇ ਸੱਜਣ ਤੋਂ ਚੋਰ ਠੱਗ ਬਣਨ ਵਿਚ ਰਤਾ ਵੀ ਦੇਰ ਨਹੀਂ ਲਗਦੀ। ਘਰ ਦੇ ਭਾਂਡਿਆਂ, ਸਮਾਨ ਦੀ ਚੋਰੀ ਤੋਂ ਸ਼ੁਰੂ ਹੋ ਕੇ ਸਿਲਸਿਲਾ ਅੰਤਹੀਣ ਹੋ ਜਾਂਦਾ ਹੈ।
ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਲਿਖਾਰੀ, ਖਾਸ ਕਰਕੇ ਗੀਤਕਾਰ ਨਸ਼ੇਖੋਰ ਬੰਦੇ ਨੂੰ ਬੜੇ ਵੱਡੇ ਮਹਾਂਨਾਇਕ ਵਾਂਗ ਪੇਸ਼ ਕਰਦੇ ਹਨ। ‘ਜੀਹਨੇ ਲਾਲ ਪਰੀ ਨਾ ਪੀਤੀ ... ਓਹੋ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ..’, ‘ਇੱਕ ਪੈ¤ਗ ਹੋਰ ਯਾਰਾ ਇੱਕ ਪੈ¤ਗ ਹੋਰ’, ‘ਅਧੀਏ ਦਾ ਨਸ਼ਾ ਚੜ੍ਹ ਗਿਆ ਦਰਸ਼ਨ ਤੇਰੇ ਕਰਕੇ ਨੀ’ .... ਇੱਥੋਂ ਤੱਕ ਕਿ ਇੱਕ ਗਾਇਕ ਗਾ ਰਿਹਾ ਸੀ ‘ਦਾਰੂ ਘਰ ਦੀ ਬੰਦੂਕ ਬਾਰਾਂ ਬੋਰ ਦੀ, ਦੋ ਚੀਜਾਂ ਜੱਟ ਭਾਲਦਾ’ ! ਅਹਿਜੇ ਕੱਚਘਰੜ ਗਾਇਕ ਆਪਣੇ ਮੋਢਿਆਂ ਤੇ ਆਪ ਹੀ ਫ਼ੀਤੀ ਟੰਗੀ ਰੱਖਦੇ ਹਨ, ‘ਪੰਜਾਬੀ ਸੱਭਿਆਚਾਰ ਦਾ ਰਖਵਾਲਾ’! ਫ਼ਿਰ ਆਖਣਗੇ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ...!’ ਇਹ ਸੋਚ ਵਾਕਈ ਤਰਸਯੋਗ ਹੈ ਅਤੇ ਗਾਇਕਾਂ ਨੂੰ ਤਾਂ ਭਾਵੇਂ ਅਜਿਹਾ ਕੁਝ ਮਾਂਬੋਲੀ ਦੀ ਝੋਲੀ ਵਿਚ ਸੁੱਟਣ ਬਦਲੇ ਚੰਗੀ ਕਮਾਈ ਹੋ ਜਾਂਦੀ ਹੋਵੇਗੀ ਪਰ ਇਹਨਾਂ ‘ਗੀਤਾਂ’ ਨੂੰ ਸੁਣਨ ਵਾਲੇ ਪਿੱਛਲੱਗੂ ਸਰੋਤਿਆਂ ਲਈ ਤਾਂ ਇਹ ‘ਸਰਾਪ’ ਹੀ ਸਾਬਿਤ ਹੁੰਦੇ ਹਨ। ਗੁਰੂ ਸਾਹਿਬਾਨ ਨੇ ਹੱਕ ਸੱਚ ਦਾ ਸਾਫ਼ ਸੁਥਰਾ ਰਾਹ ਵਿਖਾਇਆ ਹੈ ਅਤੇ ਗੁਰਦੁਆਰੇ ਅੰਦਰ ਜੇਕਰ ਨਿਹੰਗ ਸਿੰਘਾਂ ਦੇ ਕੁਝ ‘ਜੱਥੇ’ ਭੰਗ ਨੂੰ ‘ਸੁਖ ਨਿਧਾਨ’ ਦਾ ਲੇਬਲ ਲਗਾ ਕੇ ਸੰਗਤ ਤੋਂ ਪ੍ਰਵਾਨ ਕਰਵਾਈ ਫ਼ਿਰਨ ਤਾਂ ਕੋਈ ਕੀ ਕਰੇ? ਪੰਜਾਬ ਵਿਚ ਤਾਂ ਅਜਿਹੇ ਡੇਰੇ, ਮਜਾਰਾਂ ਦੀ ਸੰਖਿਆ ਵਿਚ ਦਿਨ ਦੁੱਗਣੀ ਤੇ ਰਾਤ ਚੌਗਣੀ ਵਧ ਰਹੀ ਹੈ। ਪਤਾ ਲਗਦਾ ਹੈ ਕਿ ਕਿਸੇ ਡੇਰੇ ਤੇ ਤਾਂ ਪ੍ਰਸ਼ਾਦ ਹੀ ਸ਼ਰਾਬ ਦਾ ਚੜ੍ਹਦਾ ਹੈ, ਕਿਤੇ ਕੇਵਲ ਵਿਸ਼ੇਸ਼ ਨਸ਼ੀਲੀ ਸ਼ੈਅ ਹੀ ਪ੍ਰਵਾਨ ਹੁੰਦੀ ਹੈ। ਧਰਮ ਦਾ ਇਹ ਆਖਿਰ ਕਿਹੜਾ ਰੂਪ ਹੈ? ਅਸਲ ਵਿਚ ਅਮਲੀ ਨੂੰ ਬਹਾਨਾ ਚਾਹੀਦਾ ਹੈ। ਉਹ ਜਾਣਦੇ ਹਨ ਕਿ ਅਸਲੀ ਮੰਤਵ ਆਪਣਾ ਅਮਲ ਪੂਰਾ ਕਰਨ ਦਾ ਹੈ ਤੇ ਫ਼ਿਰ ਇਸ ਲਈ ਕੁਝ ਵੀ ਭੇਖ ਧਾਰਨਾ ਪਵੇ, ਕੋਈ ਹਰਜ਼ ਨਹੀਂ। ਵਿੱਦਿਅਕ ਸੰਸਥਾਵਾਂ, ਧਾਰਮਿਕ ਸਥਾਨਾਂ, ਪਰਿਵਾਰਕ ਤੇ ਸਮਾਜਿਕ ਦਾਇਰੇ, ਹਰ ਪੱਧਰ ਤੇ ਨਸ਼ਾ ਅਮਰ ਵੇਲ ਵਾਂਗ ਫ਼ੈਲ ਚੁੱਕਾ ਹੈ। ਇਸ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਲੋੜ ਹੈ। ਇਸ ਲਈ ਕੁਝ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਾ ਛੁਡਾਊ ਕੇਂਦਰ ਵੀ ਚਲ ਰਹੇ ਹਨ। ਪਰ ਜੇਕਰ ਇਹਨਾਂ ਕੇਂਦਰਾਂ ਸੰਸਥਾਵਾਂ ਦੀ ਸੰਖਿਆ ਨੂੰ ਕੇਵਲ ਹਰ ਪਿੰਡ ਵਿਚ ਖੁੱਲ੍ਹੇ ਠੇਕਿਆਂ ਦੀ ਸੰਖਿਆ ਨਾਲ ਰੱਖ ਕੇ ਵੇਖਿਆ ਜਾਵੇ ਤਾਂ ਸਹਿਜੇ ਹੀ ਆਮ ਬੰਦੇ ਦੇ ਮਨ ਵਿਚ ਇੱਕ ਖਿਆਲ ਜਰੂਰ ਉੱਠੇਗਾ ਕਿ ਯਾਰ ਆਖਿਰ ਜੇ ਸਮੇਂ ਦੀਆਂ ਸਰਕਾਰਾਂ ਹਰ ਪਿੰਡ ਵਿਚ ਠੇਕਾ ਖੋਲ੍ਹ ਸਕਦੀ ਹੈ ਤਾਂ ਸ਼ਰਾਬ ਤੇ ਹੋਰ ਨਸ਼ਿਆਂ ਤੋਂ ਮੁਕਤ ਕਰਨ ਲਈ ਕੋਈ ‘ਠੇਕਾ’ ਕਿਉਂ ਨਹੀਂ ਚਲਾਉਂਦੀ?
ਕਾਸ਼ ਉਹ ਦਿਨ ਜਲਦੀ ਆਵੇ ਜਦੋਂ ਵਰਤਮਾਨ ਪੀੜ੍ਹੀ ਪੂਰੀ ਤਰਾਂ ਤੰਦਰੁਸਤ ਹੋਵੇ ਅਤੇ ਹਰ ਤਰਾਂ ਤੇ ਨਸ਼ੇ ਇੱਕ ਸੈਂਪਲ ਬਣ ਕੇ ਕਿਸੇ ‘ਅਜਾਇਬ ਘਰ’ ਦਾ ਹਿੱਸਾ ਬਣ ਜਾਣ!