ਹਾਂ ਯਾਰੋ, ਐਨੀਆਂ ਦੀਵਾਲੀਆਂ ਮਨਾਈਆਂ ਤੇ ਹਰ ਵਾਰ ਓਹੀ ਹਵਾਵਾਂ ਵਿਚ ਪੋਟਾਸ਼ ਤੇ ਜਹਿਰੀਲਾ ਧੂੰਆਂ ਭਰਿਆ। ਮਿਲਾਵਟੀ, ਘਟੀਆ ਮਿਠਾਈ ਖਾਧੀ ਤੇ ਵਰਤਾਈ। ਦੀਵਿਆਂ ਦੀ ਥਾਂ ਬਿਜਲੀ ਫ਼ੂਕ ਕੇ ਲੜੀਆਂ, ਲਾਟੂ ਜਗਾ ਕੇ ਖ਼ੂਬ ਦੀਵਾਲੀ ਮਨਾਈ।
ਇਸ ਵਾਰ ਦਿਲ ਅੰਦਰੋਂ ਆਵਾਜ਼ ਆ ਰਹੀ ਹੈ। ਓਇ ਭਲੇਮਾਣਸ, ਇਸ ਹੋਰਾਂ ਦੀ ਦੇਖਾ ਦੇਖੀ ਕੀ ਕਰੀ ਜਾ ਰਿਹਾ ਹੈਂ! ਰੁਕ, ਜ਼ਰਾ ਸੋਚ, ਕੀ ਦੀਵਾਲੀ ਮਨਾਉਣ ਦਾ ਕੇਵਲ ਇਹੀ ਤਰੀਕਾ ਰਹਿ ਗਿਆ ਹੈ?
ਬੜੀ ਦੇਰ ਹੋਈ, ਇਕ ਦੀਵਾਲੀ ਤੋਂ ਪਹਿਲਾਂ ਆਪਾਂ ਨਾਹਰਾ ਮਾਰਿਆ ਸੀ, ਪ੍ਰਦੂਸ਼ਨ ਰੋਕ ਅਤੇ ਬੂਟਾ ਠੋਕ! ਨਾਹਰਾ ਜਮ੍ਹਾਂ ਈ ਦੇਸੀ ਸੀ, ਪਰ ਆਪਾਂ ਜੰਗਲਾਤ ਵਾਲਿਆਂ ਤੋਂ ਟਰਾਲੀ ਭਰਕੇ ਛਾਂਦਾਰ ਫ਼ਲਦਾਰ ਰੁੱਖਾਂ ਦੀ ਪੌਦ ਲੈ ਕੇ ਸਕੂਲਾਂ, ਹਸਪਤਾਲਾਂ, ਬੱਸ ਅੱਡਿਆਂ, ਮੜ੍ਹੀਆਂ, ਥਾਣੇ ਹਰ ਥਾਂ ਗਏ ਤੇ ਓਥੇ ਬੂਟੇ ਲਗਾਏ। ਆਪਣੀ ਸਕੂਟਰ, ਮੋਟਰ ਸਾਈਕਲ ਸਵਾਰ ਟੋਲੀ ਵਿਚ ਕਾਫ਼ੀ ਜੋਸ਼ ਸੀ। ਸਾਡੇ ਵੀਹਾਂ ਪੱਚੀਆਂ ਵਿਚੋਂ ਕਿਸੇ ਨੇ ਵੀ ਓਸ ਦੀਵਾਲੀ ਤੇ ਪਟਾਖੇ ਨਹੀਂ ਸੀ ਚਲਾਏ। ਇਸ ਵਾਰ ਵੀ ਕੁਝ ਅਜਿਹਾ ਕਰਨ ਦਾ ਇਰਾਦਾ ਹੈ। ਪਰ ਟੋਲੀ ਨਹੀਂ ਤਾਂ ਕੀ ਹੋਇਆ। ਕੱਲੇ ਹੀ ਬਥੇਰੇ ਹਾਂ। ਜੇ ਰੁੱਖ ਨਹੀਂ ਵੀ ਲਗਾ ਸਕਿਆ ਤਾਂ ਘੱਟੋ ਘੱਟ ਹਵਾਵਾਂ ਵਿਚ ਪਟਾਕਿਆਂ ਦਾ ਜਹਿਰ ਵੀ ਨਹੀਂ ਘੋਲਾਂਗਾ। ਭੀੜ ਦਾ ਹਿੱਸਾ ਨਹੀਂ ਬਣਾਂਗਾ।
ਕਿਉਂਕਿ ਦਿਲ ਵਿਚੋਂ ਮੁੜ ਮੁੜ ਆਵਾਜ਼ ਆ ਰਹੀ ਹੈ,ਇਸ ਦੀਵਾਲੀ ਤੇ ਧੂੰਆਂ ਫ਼ੈਲਾਉਣਾ ਹੈ ਜਾਂ ਰੌਸ਼ਨੀ!
ਜੇ ਬੰਬ ਪਟਾਕੇ ਚਲਾਉਣ ਦਾ ਤਿਓਹਾਰ ਹੁੰਦਾ ਤਾਂ ਇਸ ਨੂੰ ਬੰਬਆਲੀ ਜਾਂ ਬੰਬਾਲੀ ਆਖਦੇ।ਪਰ ਇਹ ਤਾਂ ਰੌਸ਼ਨੀ ਦਾ ਤਿਓਹਾਰ ਹੈ, ਦੀਵਿਆਂ ਵਾਲੀ, ਦੀਪਾਵਲੀ, ਦੀਵਾਲੀ !