ਸਮਰਜੀਤ ਸਿੰਘ ਸ਼ਮੀ
ਹਰ ਦੂਜੇ ਦਿਨ ਟੀ. ਵੀ. ਤੇ, ਗਲੀ ਮੁਹੱਲੇ ਦੇ ਮੇਲਿਆਂ ਵਿਚ ਕੋਈ ਨਾ ਐਵਾਰਡ ਵੰਡੇ ਜਾਂਦੇ ਹਨ। ਲੋਕਾਂ ਨੂੰ ਐਵਾਰਡ ਲੈਂਦਿਆਂ ਦੇਖ ਕੇ ਆਪਣੇ ਘਪਲੇ ਸ਼ਾਹ ਹੁਰਾਂ ਦੇ ਦਿਲ ਵਿਚ ਹੂਕ ਉਠੀ ਕਿ ਯਾਰ ਸਾਰੀ ਦੁਨੀਆਂ ਹੀ ਆਪਣੇ ਘਰ ਲੱਕੜ ਦਾ ਮੁੰਨਾ ਜਿਹਾ, ਜੀਹਨੂੰ ਮੋਮੈਂਟੋ ਕਹਿੰਦ ਹਨ, ਲਿਜਾ ਰਹੀ ਹੈ। ਫ਼ਿਰ ਆਪਾਂ ਕਿਉਂ ਪਿੱਛੇ ਰਹੀਂਏ। ਇਹ ਸੋਚ ਕੇ ਸ਼ਾਹ ਜੀ ਨੇ ਚੁੱਕਿਆ ਫ਼ੋਨ ਜੋ ਜਾ ਖੜਕਿਆ ਸ਼ਹਿਰ ਦੇ ਵਿਚ ਰਹਿੰਦੇ ਮੇਲਿਆਂ ਦੇ ਬਾਦਸ਼ਾਹ ‘ਫ਼ੁਕਰਾ ਜੱਟ’ ਦੇ ਘਰੇ। ਪ੍ਰਧਾਨ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਪੁੱਛਿਆ, ‘ਕੌਣ ਹੈ ਜਨਾਬ ਸੱਭਿਆਚਾਰ ਦੇ ਬੂਹੇ ਦਸਤਕ ਦੇਣ ਵਾਲਾ। ਆਪਣਾ ਨਾਂ ਪਤਾ ਤਾਂ ਦੱਸੋ?’
‘ਭਾਈ ਸਾਬ੍ਹ ਮੈਂ ਤੁਹਾਡਾ ਨਿਮਾਣਾ ਜਿਹਾ ਸੇਵਕ ਘਪਲੇ ਸ਼ਾਹ ਅਰਜ ਕਰ ਰਿਹਾ ਹਾਂ। ਯਾਰ ਹੱਦ ਹੋ ਗਈ ਤੁਹਾਡੇ ਰਾਜ ਵਿਚ ਇਕ ਮੈਨੂੰ ਛੱਡ ਕੇ ਸਾਰੀ ਦੁਨੀਆਂ ਹੀ ਐਵਾਰਡ ਲੈ ਗਈ। ਤੁਹਾਨੂੰ ਮੇਰਾ ਕੋਈ ਖਿਆਲ ਨਹੀਂ ਆਇਆ। ਕੀ ਹੁਣ ਏਦਾਂ ਈ ਹੋਊ? ਬਾਈ ਇਹ ਐਂ ਈ ਚੱਲੂ?’ ਫ਼ੁਕਰੇ ਪ੍ਰਧਾਨ ਨੇ ਸ਼ਾਹ ਦੇ ਦਿਲ ਦੀ ਗੱਲ ਭਾਂਪਦਿਆਂ ਸੋਚਿਆ ਇਹ ਬੱਕਰਾ ਤਾਂ ਆਪਣੀ ਬਲੀ ਦੇਣ ਲਈ ਆਪ ਹੀ ਕਾਹਲਾ ਪਿਆ ਹੋਇਆ ਹੈ। ਚਲੋ ਇਸ ਨੂੰ ਹਲਾਲ ਕਰ ਹੀ ਲੈਂਦੇ ਹਾਂ। ਉਹ ਝੱਟ ਬੋਲਿਆ, ‘ਭਾਅ ਜੀ, ਮੋਤੀਆਂ ਵਾਲੀ ਸਰਕਾਰ, ਤੁਸੀਂ ਤਾਂ ਸਾਡੇ ਦਿਲ ਦੀ ਗੱਲ ਕਰ ਦਿੱਤੀ, ਜੇ ਤੁਸੀਂ ਨਾ ਵੀ ਕਹਿੰਦੇ ਤਾਂ ਵੀ ਅਸੀਂ ਇਸ ਮਹੀਨੇ ਹੋਣ ਵਾਲੇ ਸੱਭਿਆਚਾਰਕ ਮੇਲੇ ਵਿਚ ਤੁਹਾਨੂੰ ਸਨਮਾਨਿਤ ਕਰਨ ਦੀ ਸੋਚ ਰੱਖੀ ਸੀ। ਚਲੋ ਤੁਸੀਂ ਆ ਜਾਓ ਹੁਣੇ ਮੇਰੇ ਚਿੜੀ ਮਾਰ ਦਫ਼ਤਰ, ਤੇ ਆਪਾਂ ਕਰਦੇ ਹਾਂ ਬਾਕੀ ਵਿਚਾਰ।’ ਘਪਲੇ ਸ਼ਾਹ ਦੀਆਂ ਅੱਖਾਂ ਵਿਚ ਚਮਕ ਆਈ। ਉਹ ਤੁਰੰਤ ਪੁੱਜਾ ਦਫ਼ਤਰ। ਅੱਗੇ ਪਹਿਲਾਂ ਹੀ ਫ਼ਿਲਡਿੰਗ ਫ਼ਿੱਟ ਹੋ ਚੁੱਕੀ ਸੀ।
ਫ਼ੁਕਰਾ ਕਲੱਬ ਦੇ ਸਾਰੇ ਸਿਰਕੱਢ ਮੈਂਬਰ, ਭਾਵ ਤਿੰਨ ਜਣੇ ਦਫ਼ਤਰ ਵਿਚ ਬੈਠੇ ਸਨ, ਇਕ ਪ੍ਰਧਾਨ ਆਪ, ਇਕ ਸਕੱਤਰ ਅਤੇ ਇੱਕ ਖਜ਼ਾਨਚੀ। ਉਂਝ ਇਹ ਕਲੱਬ ਬੱਸ ਏਨੇ ਹੀ ਮੈਂਬਰ ਸਨ। ਉਨ੍ਹਾਂ ਮਤਾ ਪਾਸ ਕੀਤਾ ਇਸ ਸਾਲ ਦਾ ਸੱਭਿਆਚਾਰਕ ਮੇਲਾ ਛੇਤੀ ਹੀ ਕਰਵਾਇਆ ਜਾਣਾ ਚਾਹੀਦਾ ਹੈ। ਅਤੇ ਇਸ ਮੇਲੇ ਵਿਚ ਘੁੰਨੇ ਛੱਲੀਆਂ ਵਾਲੇ ਅਤੇ ਸੜੀਅਲ ਪੱਲੀਆਂ ਵਾਲੇ ਦਾ ਅਖ਼ਾੜਾ ਲਵਾ ਦਿਆਂਗੇ। ਲੋਕ ਵੀ ਕੀ ਯਾਦ ਕਰਨਗੇ। ਹੁਣ ਪ੍ਰੋਗਰਾਮ ਤਾਂ ਬਣਾ ਲਿਆ ਪਰ ਪੈਸੇ ਕਿਥੋਂ ਆਣ? ‘ਓ ਮੇਰੇ ਯਾਰ, ਛੱਡੋ ਤੁਸੀਂ ਵੀ ਕਿਹੜੇ ਚੱਕਰਾਂ ’ਚ ਪੈ ਗਏ। ਪੈਸਾ ਤਾਂ ਬਾਈ ਸਿਆਂ ਲੋਕਾਂ ਕੋਲ ਐਨਾ ਹੋ ਗਿਆ ਬਈ ਯਾਰ ਲੋਕ ਤਾਂ ਆਪ ਹਾਕਾਂ ਮਾਰਦੇ ਫ਼ਿਰਦੇ ਐ।’
‘ਉਹ ਕਿਵੇਂ?’
‘ਯਾਰੋ, ਸਭ ਤੋਂ ਪਹਿਲਾਂ ਕਿਸੇ ਬਲੈਕੀਏ ਨੂੰ ਫ਼ੜਦੇ ਹਾਂ, ਜੇ ਤਾਂ ਲੱਖ ਦੋ ਲੱਖ ਦੇਣ ਨੂੰ ਤਿਆਰ ਹੋ ਜਵੇ ਤਾਂ ਉਸੇ ਨੂੰ ਹੀ ਆਪਣਾ ਮੁੱਖ ਮਹਿਮਾਨ ਬਣਾ ਲਵਾਂਗੇ। ਤੇ ਬਾਕੀ ਵਿਸ਼ੇਸ਼ ਮਹਿਮਾਨਾਂ ਦੇ ਰੇਟ ਘੱਟੋ ਘੱਟ ਪੰਜਾਹ ਹਜਾਰ ਤੋਂ ਸੱਤਰ ਅੱਸੀ ਹਜਾਰ ਰੱਖ ਲੈਂਦੇ ਹਾਂ।’ ‘ਪਰ ਯਾਰ ਵਿਸ਼ੇਸ ਮਹਿਮਾਨ ਕਿਹੜੇ ਬਣਾਵਾਂਗੇ?’ ‘ਹੱਦ ਕਰਦੈਂ ਯਾਰ, ਥੋੜ੍ਹੀ ਗਧ੍ਹੀੜ ਫ਼ਿਰਦੀ ਐ ਇਲਾਕੇ ’ਚ। ਆਹ ਆਪਣਾ ਡੋਬੂ ਮੱਲ, ਦੋ ਨੰਬਰ ਦੀ ਭੁੱਕੀ ਪੋਸਤ ਦਾ ਟੌਪ ਦਾ ਵਪਾਰੀ ਐ। ਫ਼ੇਰ ਓਹ ਯਾਰ ਨਾਮ ਨੀ ਚੇਤੇ ਆਉਂਦਾ, ਆਪਣਾ ਘੜੰਮਾ ਸਿੰਘ, ਦੁਨੀਆਂ ਭਰ ਦੇ ਚੋਰਾਂ ਦਾ ਬਾਦਸ਼ਾਹ ਐ ਬਾਦਸ਼ਾਹ। ਉਹਦੇ ਆਣ ਨਾਲ ਤਾਂ ਜਿਹੜੇ ਮਰਜੀ ਸਰਕਾਰੀ ਅਫ਼ਸਰ, ਜਾਂ ਲੀਡਰ ਨੂੰ ਵੀ ਸੱਦ ਲਵਾਂਗੇ। ਨਾਲੇ ਚਾਰ ਪੈਸੇ ਹੋਰ ਬਣ ਜਾਣਗੇ। ਅੱਜਕੱਲ੍ਹ ਕੀ ਘਾਟਾ ਐ ਯਾਰ, ਇੱਟ ਪੁੱਟੋ ਹੇਠੋਂ ਪੰਜਾਹ ਚੋਰ ਉਚੱਕੇ ਚੰਗੀ ਪਹੁੰਚ ਵਾਲੇ ਮਿਲ ਜਾਂਦੇ ਐ...’
‘ਬਾਈ ਸਿਆਂ ਤੂੰ ਤਾਂ ਮੈਨੂੰ ਕਰਤਾ ਹੁਣ ਜਮ੍ਹਾਂ ਚਿੰਤਾ ਮੁਕਤ..’
‘ਹਾਂ ਆਪਾਂ ਅੱਜ ਹੀ ਆਥਣੇ ਚੱਲਣਾ ਹੈ ਗ੍ਰਾਹੀ ਕਰਨ..।’
ਇਸ ਤਰਾਂ ਫ਼ੁਕਰਾ ਕਲੱਬ ਦੀ ਮੀਟਿੰਗ ਵਿਚ ਸਾਰੀਆਂ ਗੱਲਾਂ ਖੜ੍ਹੇ ਪੈਰ ਹੀ ਮਿੱਥ ਲਈਆਂ ਗਈਆਂ ਤੇ ਮੇਲੇ ਦੀ ਤਿਆਰੀ ਸ਼ੁਰੂ ਹੋ ਗਈ। ਇਹ ਫ਼ੁਕਰਾ ਕਲੱਬ ਵਾਲੇ ਜਦੋਂ ਤੱਕ ਆਪਣੀ ਉਗਰਾਹੀ ਕਰਕੇ ਮੁੜਦੇ ਹਨ, ਆਪਾਂ ਅਵਾਰਡ ਲੈਣ ਦੇਣ ਵਾਲੇ ਵਪਾਰ ਤੇ ਇਕ ਪੰਛੀ ਝਾਤ ਪਾ ਲੈਂਦੇ ਹਾਂ। ਕਈ ਵਾਰੀ ਕਈ ਵਿਦਵਾਨ ਸੱਜਣ ਆਖਦੇ ਹਨ ਕਿ ਦੁਨੀਆਂ ਵਿਚ ਕੁਝ ਵੀ ਅਸੰਭਵ ਨਹੀਂ ਫ਼ਿਰ ਉਹ ਹਿਟਲਰ ਦੀ ਮਿਸਾਲ ਦੇ ਕੇ ਆਖਦੇ ਹਨ ਕਿ ਅਸੰਭਵ ਸ਼ਬਦ ਕੇਵਲ ਨਿਕੰਮੇ ਲੋਕਾਂ ਦੇ ਸ਼ਬਦਕੋਸ਼ ਵਿਚ ਹੀ ਹੋ ਸਕਦਾ ਹੈ। ਅਵਾਰਡ ਵੱਡੀ ਪ੍ਰਾਪਤੀ ਹੈ। ਕਿਸੇ ਪ੍ਰਤਿਭਾ ਨੂੰ ਉਸਦੀ ਕਾਬਲੀਅਤ, ਲਿਆਕਤ ਲਈ ਸਨਮਾਨਿਤ ਕਰਨਾ ਚੰਗੀ ਪਿਰਤ ਹੈ। ਅਸੀਂ ਦੇਖਦੇ ਹਾਂ ਕਿ ‘ਨੋਬਲ’, ‘ਆਸਕਰ’ ਅਤੇ ਅਜਿਹੇ ਕਈ ਹੋਰ ਅਵਾਰਡ ਬੜੀ ਮਹਾਨ ਪ੍ਰਾਪਤੀ ਆਖੀ ਜਾ ਸਕਦੀ ਹੈ। ਪਰ ਪੰਗਾ ਇਹ ਹੈ ਕਿ ਸਾਢੇ ਛੇ ਅਰਬ ਦੀ ਆਬਾਦੀ ਵਿਚ ਕੇਵਲ ਭੀੜ ਬਹੁਤੀ ਹੈ, ਅਵਾਰਡ ਥੋੜ੍ਹੇ ਹਨ। ਹਰ ਕੋਈ ਚਾਹੁੰਦਾ ਹੈ ਕਿ ਅਗਲੀ ਵਾਰ ਯਾਰ ਇਕ ਅੱਧਾ ‘ਨੋਬਲ’ ਪੁਰਸਕਾਰ ਉਸਨੂੰ ਮਿਲ ਹੀ ਜਾਣਾ ਚਾਹੀਦਾ ਹੈ।
ਪਰ.....! ਖੈਰ, ਉਹੀ ਗੱਲ ਕਿ ਕੁਝ ਵੀ ਅਸੰਭਵ ਨਹੀਂ। ਲੋਕਾਂ ਨੇ ਆਪੋ ਆਪਣੇ ਗਲੀ ਮੁਹੱਲੇ ਵਿਚ ਹੀ ਅਜਿਹੇ ਮਿਲਦੇ ਜੁਲਦੇ ਅਵਾਰਡ ਦੇਣ ਲੈਣ ਦਾ ਸਿਲਸਿਲਾ ਸ਼ੁਰੂ ਕਰ ਲਿਆ। ਘਰ ਦੀ ਘਰ ਵਿਚ ਹੀ ਮੁੱਕ ਜਾਂਦੀ ਹੈ। ਸਨਮਾਨਿਤ ਹੋਣ ਦਾ ਸੁਪਨਾ ਵੀ ਪੂਰਾ ਹੋ ਜਾਂਦਾ ਹੈ। ਰਾਜਨੀਤੀ ਵਿਚ ਇਹ ਸਨਮਾਨ ਬਿਜ਼ਨਿਸ ਇਕ ਫ਼ੈਸ਼ਨ ਦੀ ਤਰਾਂ ਵੇਖਿਆ ਜਾ ਸਕਦਾ ਹੈ।
ਪ੍ਰਧਾਨ ਮੁਖੀ ਨੂੰ ਆਖਦੇ ਹਨ ਅਤੇ ਮੁਖੀ ਤਾਂ ਇਕ ਹੀ ਹੋ ਸਕਦਾ ਹੈ। ਪਰ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਦੇਖੋ। ਕਿਸੇ ਨੂੰ ਸ਼ਹਿਰੀ ਪ੍ਰਧਾਨ, ਪੇਂਡੂ ਪ੍ਰਧਾਨ, ਛੋਟਾ ਪ੍ਰਧਾਨ ਭਾਵ ਉਪ ਪ੍ਰਧਾਨ, ਉਸ ਤੋਂ ਜਰਾ ਕੁ ਹੋਰ ਛੋਟਾ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ, ਫ਼ਿਰ ਆਨੀ ਬਹਾਨੀਂ ਬੰਦਾ ਖੁਸ਼ ਕਰਨ ਲਈ ਕਈ ਹੋਰ ਤਰਾਂ ਦੀਆਂ ਪ੍ਰਧਾਨਗੀਆਂ। ਜੇ ਪ੍ਰਧਾਨਗੀਆਂ ਵਾਲਾ ਡਮਰੂ ਥੋੜ੍ਹਾ ਪੈ ਜਾਵੇ ਤਾਂ ਸੈਕਟਰੀਆਂ ਵਾਲਾ ਛੁਣਕਣਾ ਦਿੱਤਾ ਜਾ ਸਕਦਾ ਹੈ। ਲੋਕ ਇਨ੍ਹਾਂ ਖਿਢੌਣਿਆਂ ਨਾਲ ਖੁਸ਼ ਹੋ ਜਾਂਦੇ ਹਨ ਅਤੇ ਕੋਹਲੂ ਦੇ ਬੈਲ ਬਣ ਕੇ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਯਾਨੀ, ਇਕ ਤਰਾਂ ਸਾਰੇ ਹੀ ਪ੍ਰਧਾਨ, ਸਾਰੇ ਹੀ ਮੁਖੀ, ਅਹਿਲਕਾਰ ਜਾਂ ਸੇਵਾ ਕਰਨ ਲਈ ਕੋਈ ਤਿਆਰ ਨਹੀਂ। ਕਈ ਵਾਰੀ ਸਰਕਾਰ ਚਲਾਉਣ ਵੇਲੇ ਪਾਰਟੀਆਂ ਨੂੰ ‘ਆਪਣੇ ਬੰਦੇ’ ਖੁਸ਼ ਕਰਨ ਵਿਚ ਪ੍ਰੇਸ਼ਾਨ ਹੋਣਾ ਪੈਂਦਾ ਹੈ। ਪਹਿਲੇ ਹੱਲੇ ਵਿਚ ਆਪਣੇ ਸਾਰੇ ‘ਨੇੜਲੇ ਸਾਥੀਆਂ’ ਨੂੰ ਮੰਤਰੀ ਆਦਿ ਬਣਾ ਕੇ ਝੰਡੀ ਵਾਲੀ ਕਾਰ ਦੇ ਹੂਟੇ ਤੋਹਫ਼ੇ ਵਿਚ ਮਿਲ ਜਾਂਦੇ ਹਨ। ਇਸ ਵੰਡਾਰੇ ਵਿਚ ਕਈ ਵਿਚਾਰੇ ਰਹਿਮਤਾਂ ਦੀ ਬਰਸਾਤ ਵਿਚ ਵੀ ਸੁੱਕੇ ਹੀ ਰਹਿ ਜਾਂਦੇ ਹਨ। ਉਨ੍ਹਾਂ ਨੂੰ ਠੰਢਿਆਂ ਕਰਨ ਲਈ ਫ਼ਿਰ ਕਈ ਹੋਰ ਲਾਲ ਬੱਤੀਆਂ ਵਾਲੇ ਅਹੁਦਿਆਂ ਦਾ ਪ੍ਰਸ਼ਾਦ ਵੰਡਿਆ ਜਾ ਸਕਦਾ ਹੈ। ਇਸ ਤਰਾਂ ਦੇ ਸਨਮਾਨ ਅਕਸਰ ਬੜੇ ਜਫ਼ਰ ਜਾਲ ਕੇ ਹੀ ‘ਹਾਸਿਲ’ ਕਰਨੇ ਪੈਂਦੇ ਹਨ। ਲੋਕਤੰਤਰ ਵਿਚ ਫ਼ੋਕੀ ਦਿਖਾਵੇਬਾਜੀ ਦਾ ਭੂਤ ਲੋਕਾਂ ਨੂੰ ਚਿੰਬੜ ਗਿਆ ਹੈ, ਆਮ ਅਤੇ ਖਾਸ ਦੋਨੋਂ ਤਰਾਂ ਦੇ ਲੋਕਾਂ ਨੂੰ। ਸਾਹਿਤਕਾਰਾਂ ਅਤੇ ਸਮੇਂ ਦੀਆਂ ਸਰਕਾਰਾਂ ਵਿਚਕਾਰ ਬਹੁਤੀ ਸਾਰ ਨਹੀਂ ਰਲੀ। ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ। ਸ਼ੀਸ਼ਾ ਤਾਂ ਸ਼ੀਸ਼ਾ ਹੀ ਹੁੰਦਾ ਹੈ। ਸੱਚ ਬੋਲਦਾ ਹੈ। ਸੱਚ ਕੌੜਾ। ਝੂਠ ਮਿੱਠਾ। ਅਸੀਂ ਮਿੱਠੀਆਂ ਚੀਜਾਂ ਖਾ ਕੇ ਖੁਸ਼ ਰਹਿੰਦੇ ਹਨ, ਫ਼ਿਰ ਭਾਵੇਂ ਉਹ ਮਿੱਠੀ ਚੀਜ਼ ਜਹਿਰ ਹੀ ਕਿਉਂ ਨਾ ਹੋਵੇ। ਸਰਕਾਰ ਵੀ ਤਾਂ ਸਾਡੇ ਵਰਗੇ ਮਿੱਠਾ ਖਾਣੇ ਲੋਕਾਂ ਦੀ ਮਸ਼ੀਨਰੀ ਹੁੰਦੀ ਹੈ। ਸ਼ਾਇਦ ਇਸੇ ਲਈ, ਸਮਾਂ ਅਤੇ ਸਰਕਾਰ ਕੋਈ ਵੀ ਹੋਵੇ, ਸਾਹਿਤਕਾਰ ਅਤੇ ਸਾਹਿਤ ਤਾਂ ਅਣਗੌਲਿਆ ਹੀ ਰਹਿ ਜਾਂਦਾ ਹੈ। ਇਥੇ ਨੰਦ ਲਾਲ ਨੂਰਪੁਰੀਆਂ ਨੂੰ ਨਿਰਾਸ਼ ਹੋਣਾ ਹੀ ਪੈਂਦਾ ਹੈ। ਇਸ ਲਈ ਸਾਹਿਤ ਸਭਾਵਾਂ ਆਪਣੇ ਤੌਰ ਤੇ ਆਪਸ ਵਿਚ ਇਕ ਦੂਜੇ ਦੇ ਲੇਖਕ ਮੈਂਬਰਾਂ ਨੂੰ ਜਾਂ ਆਪਣੇ ਹੀ ਮੈਂਬਰਾਂ ਨੂੰ ਸਨਮਾਨਿਤ ਕਰ ਕੇ ਬੁੱਤਾ ਸਾਰ ਲੈਂਦੀਆਂ ਹਨ।
ਬਚਪਨ ਵਿਚ ਜਦੋਂ ਮੈਨੂੰ ਗੁਰਦੁਆਰੇ ਵਿਚ ਬਾਲ ਕਵੀ ਦਰਬਾਰ ਵਿਚ ਕਵਿਤਾ ਬੋਲਣ ਤੇ ਹੋਰ ਬੱਚਿਆਂ ਵਾਂਗ ਕਾਪੀ ਪੈ¤ਨ ਇਨਾਮ ਮਿਲਿਆ ਤਾਂ ਘਰ ਵਿਚ ਮਾਤਾ ਪਿਤਾ ਦੋਨੋਂ ਬਹੁਤ ਖ਼ੁਸ਼ ਹੋਏ। ਮੈਂ ਪਹਿਲੀ ਵਾਰੀ ਸਟੇਜ ਤੇ ਗਿਆ ਸੀ। ਉਦੋਂ ਮਾਤਾ ਜੀ ਨੇ ਕਿਹਾ, ‘ਕਾਕਾ ਇਨਾਮ ਵਿਚ ਮਿਲੀ ਤਾਂ ਸੂਈ ਵੀ ਮਾਨ ਨਹੀਂ ਹੁੰਦੀ ਇਹ ਤਾਂ ਫ਼ਿਰ ਕਾਗਜ ਅਤੇ ਕਲਮ ਵਰਗਾ ਬਹੁਤ ਕੀਮਤੀ ਇਨਾਮ ਹੈ। ਇਸਨੂੰ ਸਾਂਭ ਕੇ ਰੱਖ।’ ਉਸ ਦਿਨ ਮਿਲੇ ਕਾਪੀ ਪੈਨ ਨੇ ਲਿਖਣ, ਪੜ੍ਹਨ ਵੱਲ ਰੁਝਾਨ ਬਣਾ ਦਿੱਤਾ ਅਤੇ ਅੱਜ ਮਹਿਸੂਸ ਹੁੰਦਾ ਹੈ ਕਿ ਉਹ ਸਚਮੁੱਚ ਕੀਮਤੀ ਇਨਾਮ ਹੀ ਸੀ। ਕਾਗਜ ਅਤੇ ਪੈਨ ਸੰਸਾਰ ਵੱਲ ਖੁੱਲ੍ਹਣ ਵਾਲੀਆਂ ਨਿੱਤ ਨਵੀਆਂ ਖਿੜਕੀਆਂ ਬਣਕੇ ਆਪਣੇ ਪਹਿਰੇਦਾਰ ਪ੍ਰਤੀਤ ਹੁੰਦੇ ਹਨ। ਓਧਰ ਫ਼ੁਕਰਾ ਕਲੱਬ ਵਾਲਿਆਂ ਨੇ ਆਪਣੇ ਸੱਭਿਆਚਾਰਕ ਮੇਲੇ ਦੀ ਤਿਆਰੀ ਪੂਰੀ ਕਰ ਲਈ ਅਤੇ ਨਿਸ਼ਚਿਤ ਦਿਨ ਮੇਲਾ ਸ਼ੁਰੂ ਹੋ ਗਿਆ। ਮੇਲੇ ਦਾ ਆਨੰਦ ਮਾਨਣ ਲਈ ਬਣੀ ਲੋਕ ਪਤਾ ਨਹੀਂ ਕਿਵੇਂ ਅਤੇ ਕਿਥੋਂ ਏਨੀ ਗਿਣਤੀ ਵਿਚ ਪੁੱਜ ਗਏ। ਪਤਾ ਲੱਗਾ ਕਿ ਮੇਲੇ ਦੇ ਨੇੜੇ ਹੀ ਭੁੱਕੀ ਦਾ ‘ਜਹਾਜ਼’ ਵੀ ਉਤਰਨ ਵਾਲਾ ਸੀ ਸਾਰਾ ਪ੍ਰਬੰਧ ਵਧੀਆ ਸੀ। ਪਰ ਸਟੇਜ ਉਤੇ ਨਵੇਂ ਹੀ ਸੱਭਿਆਚਾਰ ਨੂੰ ਪੇਸ਼ ਕਰਨ ਵਾਲਾ ਮਾਹੌਲ ਬਣ ਗਿਆ। ਗਾਇਕ ਆਪਣੇ ਨਾਲ ਅੱਧ ਪਚੱਧੇ ਕੱਪੜਿਆਂ ਵਾਲੀ ਨਾਚੀ ਨਾਲ ਸ਼ਰਾਬ ਅਤੇ ਸ਼ਬਾਬ ਦੀ ਉਸਤਤ ਕਰਨ ਵਾਲੇ ਗੀਤ ਗਾ ਕੇ ਚਲਾ ਗਿਆ। ਲੋਕ ਕੁਰਸੀਆਂ ਤੇ ਚੜ੍ਹ ਚੜ੍ਹ ਕੇ ਨੱਚੇ। ਕਈ ਕੁਰਸੀਆਂ ਟੁੱਟੀਆਂ। ਅਖੀਰ ਵਿਚ ਭੰਗੜੇ ਦੀ ਵਾਰੀ ਆਈ। ਕਿਸੇ ਦਾਰੂ ਦੀ ਗਲਾਸੀ ਅਤੇ ਪਟੋਲੇ ਵਾਲੇ ਗੀਤ ਦੀ ਟੇਪ ਲਗਾ ਲਈ ਅਤੇ ਪੁਰਾਤਨ ਪੰਜਾਬੀ ਪੁਸ਼ਾਕਾਂ ਪਾਈਂ ਮੁੰਡੇ ਖ਼ੂਬ ਨੱਚੇ। ਇਨ੍ਹਾਂ ਨੂੰ ਕੌਣ ਆਖੇ ਕਿ ਭੰਗੜਾ ਟੇਪਾਂ ਤੇ ਨਹੀਂ ਢੋਲ ਤੇ ਹੀ ਪੈਂਦਾ ਹੈ। ਪਰ ਇਥੇ ਤਾਂ ਉਹ ਪੱਛਮੀ ਗੀਤਾਂ ਤੇ ਸਾਜਾਂ ਵਿਚ ਵੱਜੇ ਪੰਜਾਬੀ ਗੀਤਾਂ ਦੀਆਂ ਟੇਪਾਂ ਤੇ ਪਾਇਆ। ਕੁਰਸੀ ਤੇ ਉਡੂੰ ਉਡੂੰ ਕਰਦੇ ਆਪਣੇ ਘਸੀਟਾ ਰਾਮ ਨੂੰ ਮੁੱਖ ਮਹਿਮਾਨ ਨੇ ਚਮਕਦੇ ਮੋਮੈਂਟੋ ਨਾਲ ‘ਰਾਖਾ ਸੱਭਿਆਚਾਰ ਦਾ’ ਐਵਾਰਡ ਨਾਲ ਸਨਮਾਨਿਤ ਕੀਤਾ। ਇਕ ਤਰਾਂ ਇਹ ਐਵਾਰਡ ਠੀਕ ਹੀ ਸੀ। ਪੰਜਾਬੀ ਸੱਭਿਆਚਾਰ ਦੇ ਨਾਂ ਤੇ ਹੁੰਦੇ ਅਜਿਹੇ ‘ਸੱਭਿਆਚਾਰ’ ਦਾ ਉਹ ਵਾਕਈ ਰਾਖਾ ਸਾਬਿਤ ਹੋਇਆ।
No comments:
Post a Comment