
ਪਾਠਕ ਆਖਦੇ ਹਨ ਪੜ੍ਹਨ ਵਾਲੇ ਨੂੰ। ਪੜ੍ਹ ਉਹੀ ਸਕਦਾ ਹੈ ਜੋ ਸਾਖ਼ਰ ਹੋਵੇ। ਪੰਜਾਬ ਦੀ ਗੱਲ ਕਰੀਏ ਤਾਂ ਅੱਧੀ ਆਬਾਦੀ ਨੂੰ ਅੱਜ ਵੀ ਇਹ ਨਹੀਂ ਪਤਾ ਕਿ ‘ੳ’ ਕਿਸ ਬਲਾ ਦਾ ਨਾਂ ਹੈ। ਉਹ ਅੰਗੂਠੇ ਦਾ ਆਸਰੇ ਦਿਨ ਕਟੀ ਕਰ ਰਹੇ ਹਨ। ਮੈਨੂੰ ਕਦੇ ਕਦੇ ਇਹ ਲਗਦਾ ਹੈ ਜਿਵੇਂ ਸਾਰੇ ਅਨਪੜ੍ਹ ਲੋਕ ਅਖੌਤੀ ਪੜ੍ਹੇ ਲਿਖੇ ਵਰਗ ਨੂੰ ਆਪਣਾ ਸਿਆਹੀ ਨਾਲ ਰੰਗਿਆ ਅੰਗੂਠਾ ਵਿਖਾ ਕੇ ਚਿੜਾ ਰਹੇ ਹੋਣ ਕਿ ‘ਕਾਗ਼ਜ ਕਾਲੇ ਕਰਨ ਤੋਂ ਪਹਿਲਾਂ ਆਪਣੀ ਕਲਮ ਨਾਲ ਸਾਡੇ ਹੱਥਾਂ ਤੋਂ ਆਹ ਧੱਬਾ ਜਿਹਾ ਤਾਂ ਮਿਟਾ ਦੇਵੋ।’
ਸੱਚ ਪੁੱਛੋ ਤਾਂ ਕੁਝ ਲਿਖਣਾ ਪੜ੍ਹਨਾ ਸਿੱਖਣ ਦੀ ਸੱਧਰ ਉਨ੍ਹਾਂ ਵਿਚੋਂ ਬਹੁਗਿਣਤੀ ਲੋਕਾਂ ਨੂੰ ਨਹੀਂ ਹੈ। ਸਕੂਲੀ ਸਿਖਿਆ ਤੋਂ ਵਾਂਝੇ ਰਹੇ ਇਹ ਜੀਊੜੇ ਆਪਣੇ ਦਿਲ ਵਿਚ ਜ਼ਿੰਦਗੀ ਦੇ ਕਿਸੇ ਹੋਰ ਮੋੜ ਉਤੇ ਜਾ ਕੇ ਪੜ੍ਹਨਾ ਸਿੱਖ ਲੈਣ ਦਾ ਕੋਈ ਭਰਮ ਨਹੀਂ ਪਾਲਦੇ। ਜੋ ਹੈ, ਜਿਵੇਂ ਹੈ, ਸੋ ਠੀਕ ਹੈ। ਇਹੀ ਉਹਨਾਂ ਦੀ ਜੀਵਨ ਸ਼ੈਲੀ ਹੈ। ਉਹ ਆਖਣਗੇ, ਸਾਨੂੰ ਅੱਖਰ ਗਿਆਨ ਦੀ ਲੋੜ ਹੀ ਕੀ ਹੈ? ਅੰਗੂਠਾ ਜ਼ਿੰਦਾਬਾਦ! ਜਿਥੇ ਹੋਰ ਲੋਕ ਹਸਤਾਖ਼ਰ ਕਰਦੇ ਨੇ, ਉਹੀ ਕੰਮ ਅਸੀਂ ਅੰਗੂਠੇ ਨਾਲ ਕਰ ਲਈਦੇ ਹਨ।ਸਰਕਾਰੀ ਖ਼ਜਾਨੇ ਵਿਚੋਂ ਤਨਖ਼ਾਹ ਲੈਣੀ ਹੈ ਜਾਂ ਕੋਈ ਹੋਰ ਚਿੱਠੀ ਪੱਤਰ ਕਰਨਾ ਹੈ, ਬੈਂਕ ਵਿਚੋਂ ਪੈਸੇ ਕਢਵਾਉਣੇ ਜਾਂ ਜਮ੍ਹਾਂ ਕਰਵਾਉਣੇ ਹਨ, ਕੋਈ ਫ਼ਾਰਮ ਭਰਨਾ ਹੈ, ਗੱਲ ਕੀ ਅੰਗੂਠਾ ਕਿਤੇ ਵੀ ਕੋਈ ਕੰਮ ਖੜ੍ਹਨ ਨਹੀਂ ਦਿੰਦਾ। ਫ਼ੇਰ ਪੜ੍ਹ ਲਿਖ ਕੇ ਉਨ੍ਹਾਂ ਨੇ ਕਿਹੜੇ ਲੱ੍ਹਲਰ ਲਾਉਣੇ ਹਨ। ਅਖ਼ਬਾਰ ਭੰਤੇ ਕਾ ਪਾੜ੍ਹਾ ਸੁਣਾ ਜਾਂਦਾ ਹੈ। ਕਥਾ ਵਾਰਤਾ ਸੰਤ ਮਹਾਤਮਾ ਸੁਣਾ ਛੱਡਦੇ ਹਨ। ਕਿਤੇ ਕੋਈ ਕਸਰ ਲਗਦੀ ਨਹੀਂ। ਫ਼ਿਰ ਪੜ੍ਹਨਾ ਲਿਖਣਾ ਕਾਹਦੇ ਲਈ? ਅਜਿਹੀ ਹਾਲਤ ਵਿਚ ਅਸੀਂ ਪੰਜਾਬੀ ਪਾਠਕਾਂ ਦੀ ਘਾਟ ਦਾ ਰੋਣਾ ਰੋਂਦੇ ਹਾਂ।
ਪ੍ਰਕਾਸ਼ਕ ਨੇ ਆਪਣਾ ਲਾਭ ਵੇਖ ਕੇ ਹੀ ਪੁਸਤਕ ਛਾਪਣੀ ਹੈ। ਜੋ ਵਿਕੇਗਾ, ਉਹੀ ਉਹ ਛਾਪੇਗਾ। ਵਰਨਾ ਛਪਾਈ ਦਾ ਖ਼ਰਚ ਲੇਖਕ ਦੇ ਸਿਰ ਪਾ ਕੇ ਆਪਣਾ ਘਰ ਪੂਰਾ ਕਰੇਗਾ। ਫ਼ਿਰ ਵੀ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਨਿੱਤ ਨਵੀਂ ਪੁਸਤਕ ਦੀ ‘ਘੁੰਡ ਚੁਕਾਈ’ ਹੁੰਦੀ ਹੈ। ਪਰ ਪੁਸਤਕ ਦਾ ਮੁਖੜਾ ਵੇਖ ਕੇ ਮਰਨ ਵਾਲੇ ਸਾਹਿਤ ਰਸੀਏ ਪਾਠਕ ਪਤਾ ਨਹੀਂ ਕਿਹੋ ਜਿਹਾ ਅਦਿਸ ਘੁੰਡ ਕੱਢੀ ਬੈਠੇ ਹਨ ਕਿ ਉਨ੍ਹਾਂ ਦਾ ਵਜੂਦ ਹੀ ਪਕੜ ਵਿਚ ਨਹੀਂ ਆਉਂਦਾ!
ਅਸਲ ਵਿਚ ਪਾਠਕ ਵਰਗ ਦੀ ਸਿਰਜਣਾ ਕਰਨੀ ਪਵੇਗੀ। ਪਹਿਲਾਂ ਤਾਂ ਸਿੱਖਿਆ ਸੰਸਥਾਵਾਂ ਵਿਚ ਮਾਹੌਲ ਪੜ੍ਹਨ ਪੜ੍ਹਾਉਣ ਵਾਲਾ ਹੋਣਾ ਚਾਹੀਦਾ ਹੈ। ਤਾਂ ਜੋ ਅਜਿਹੀਆਂ ਸੰਸਥਾਵਾਂ ਵਿਚੋਂ ਨਿਕਲੇ ਵਿਦਿਆਰਥੀ ਮਹਿਜ ਡਿਗਰੀ ਧਾਰਕ ‘ਵਿਦਵਾਨ’ ਹੀ ਨਾ ਹੋਣ, ਸਗੋਂ ਸਾਹਿਤ ਰਸੀਏ ਪਾਠਕ ਵੀ ਹੋਣ। ਲਾਇਬ੍ਰੇਰੀਆਂ ਦਾ ਮਹੱਤਵ ਦੱਸਦਿਆਂ ਵਿਦਿਆਰਥੀਆਂ ਨੂੰ ਮਿਆਰੀ ਸਾਹਿਤਕ ਸੁਹਜ ਸਵਾਦ ਦੀ ਆਦਤ ਪਾਉਣੀ ਹਰ ਜ਼ਿੰਮੇਵਾਰ ਅਧਿਆਪਕ ਦਾ ਨੈਤਿਕ ਕਰਮ ਹੋਣਾ ਚਾਹੀਦਾ ਹੈ।ਲੇਖਕ ਪਾਠਕ ਵਿਚਕਾਰ ਦੀ ਦੂਰੀ ਨੂੰ ਰਸਮੀ, ਗੈਰ ਰਸਮੀ ਸਾਹਿਤਕ ਮਿਲਣੀਆਂ ਨਾਲ ਘੱਟ ਕਰਨ ਦੇ ਯਤਨ ਹੋਣ। ਸਾਹਿਤ ਸਭਾਵਾਂ ਦੇ ਸੰਚਾਲਕ, ਕਰਤਾ ਧਰਤਾ ਆਪਣੀ ਅਹੁਦੇਦਾਰੀ ਦੀ ਚੌਧਰ ਅਤੇ ਫ਼ੋਕੀ ਕਾਗਜ਼ੀ ਕਾਰਵਾਈ ਪਾਉਣ ਤੱਕ ਹੀ ਸੀਮਤ ਨਾ ਰਹਿਣ, ਸਗੋਂ ਸਮਾਜ ਨਾਲ ਜੁੜਨ ਅਤੇ ਸਮਾਜ ਨੂੰ ਆਪਣੇ ਨਾਲ ਜੋੜਨ। ਸਮਾਜ ਤੋਂ ਬਿਨਾਂ ਸਾਹਿਤ ਜਾਂ ਸਾਹਿਤ ਸਭਾ ਕੋਈ ਮਹੱਤਵ ਨਹੀਂ ਰੱਖਦੀ। ਅੱਜਕੱਲ੍ਹ ਕਈ ਸਭਾਵਾਂ ਵੱਲੋਂ ਆਪਦੇ ਕਿਸੇ ਅਹੁਦੇਦਾਰ ਜਾਂ ਦੋਸਤਾਂ ਮਿੱਤਰਾਂ ਦੇ ਘਰ ਵਿਚ ਹੀ ‘ਸੂਬਾ ਪੱਧਰੀ’ ਕਵੀ ਦਰਬਾਰ ਆਦਿ ਕਰਵਾ ਕੇ ਬੁੱਤਾ ਸਾਰਨ ਦੀ ਕੀਤੀ ਜਾਂਦੀ ਹੈ, ਜਿਥੇ ਲੇਖਕ ਹੀ ਲੇਖਕਾਂ ਨੂੰ ਸੁਣਦੇ ਹਨ ਅਤੇ ‘ਸਨਮਾਨਿਤ’ ਕਰਦੇ ਹਨ। ਸਾਹਿਤ ਸਮਾਜ ਲਈ ਹੁੰਦਾ ਹੈ। ਆਮ ਲੋਕਾਂ ਦੀ ਸ਼ਿਰਕਤ ਤੋਂ ਸੱਖਣੇ ਅਜਿਹੇ ਸਮਾਰੋਹ ਜਾਂ ਆਯੋਜਨ ਕਿਸੇ ਤਰਾਂ ਵੀ ਨਵੇਂ ਪਾਠਕ ਪੈਦਾ ਕਰਨ ਦੇ ਸਮਰੱਥ ਨਹੀਂ। ਸਾਹਿਤਕ ਸਮਾਗਮ ਜਨਤਕ ਪੱਧਰ ਉ¤ਤੇ ਹੀ ਸ਼ੋਭਦੇ ਹਨ।ਇਹ ਕਲਪਨਾ ਕਿੰਨੀ ਚੰਗੀ ਲਗਦੀ ਹੈ ਕਿ ਸਾਰੇ ਪੰਜਾਬੀ ਲੋਕ ਪੜ੍ਹੇ ਲਿਖੇ ਹੋਣ। ਹਰ ਪਿੰਡ, ਕਸਬੇ, ਸ਼ਹਿਰ ਦੀ ਆਪਣੀ ਲਾਇਬ੍ਰੇਰੀ ਹੋਵੇ। ਘਰ ਘਰ ਵਿਚ ਹਰ ਬੰਦੇ ਕੋਲ ਪੁਸਤਕਾਂ ਦਾ ਆਪਣਾ ਖ਼ਜਾਨਾ ਹੋਵੇ। ਏਨੀਆਂ ਲਾਇਬ੍ਰੇਰੀਆਂ ਕਿ ਜਿਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਲਈ ਪ੍ਰਕਾਸ਼ਕ ਪੁਸਤਕਾਂ ਦੇ ਨਵੇਂ ਐਡੀਸ਼ਨ ਛਾਪ ਛਾਪ ਕਮਲੇ ਹੋ ਰਹੇ ਹੋਣ। ਇਹ ਸੁਪਨਾ ਸੱਚ ਹੋ ਸਕਦਾ ਹੈ।
ਸਮੇਂ ਦੀਆਂ ਸਰਕਾਰਾਂ ਨੂੰ ਇਸ ਭਰਮ ਵਿਚ ਨਹੀਂ ਰਹਿਣਾ ਚਾਹੀਦਾ ਕਿ ਲੋਕਾਂ ਨੂੰ ਬਿਜਲੀ ਮੁਫ਼ਤ ਵਰਗੀਆਂ ‘ਰਿਆਇਤਾਂ’ ਨਾਲ ਸੂਬੇ ਦਾ ਵਿਕਾਸ ਹੋ ਸਕਦਾ ਹੈ। ਸਿੱਖਿਆ ਜਾਗਰੂਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ। ਇਹ ਕਾਰਜ ਬਿਨਾਂ ਸ਼ੱਕ ਚੁਨੌਤੀਪੂਰਨ ਹੈ। ਪਰ ਸਾਹਿਤ ਦੇ ਪਾਠਕਾਂ ਦੀ ਅਣਹੋਂਦ ਜਾਂ ਕਮੀ ਦਾ ਰਾਗ ਅਲਾਪਣ ਨਾਲੋਂ ਕਿਤੇਬਿਹਤਰ ਹੈ ਨਵੇਂ ਪਾਠਕ ਤਿਆਰ ਕਰਨ ਲਈ ਮੈਦਾਨ ਵਿਚ ਨਿੱਤਰਨਾ! ਇਹ ਤਾਂ ਮਿਸ਼ਨ ਹੈ ਜੋ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਆਰੰਭਿਆ ਸੀ। ਲੋਕਾਂ ਨੂੰ ਸ਼ਬਦ ਨਾਲ ਜੋੜਨਾ ਪਰਮਾਰਥ ਹੈ। ਉਂਜ ਵੀ ਇਹ ਵੇਦਾਂ ਦੀ ਸਿਰਜਣਹਾਰ ਜਰਖੇਜ਼ ਧਰਤੀ ਹੈ। ਇਸ ਤੋਂ ਨਿਰਅੱਖਰਤਾ ਦਾ ਕ¦ਕ ਮਿਟਾਉਣਾ ਅਸੰਭਵ ਨਹੀਂ। ਲੋੜ ਹੈ ਸਿਰਫ਼ ਸੁਹਿਰਦ ਅਤੇ ਦ੍ਰਿੜ ਨਿਸ਼ਚੇ ਦੀ। ਵਰਨਾ, ਹਲ ਵਾਹੁਣ ਵਾਲੇ, ਕਿਰਤੀ ਕਿਸਾਨਾਂ ਦੀ ਧਰਤੀ ਉਤੇ ਪਤਾ ਨਹੀਂ ਕਿੰਨਾ ਚਿਰ ਹੋਰ ਦਮ ਘੋਟੂ ਆਵਾਜ਼ ਆਉਂਦੀ ਰਹੇਗੀ, ‘ਅੰਗੂਠਾ ਜ਼ਿੰਦਾਬਾਦ!’
ਸਮਰਜੀਤ ਸਿੰਘ ਸ਼ਮੀ
No comments:
Post a Comment