ਕਹਿੰਦੇ ਹਨ ਕਿ ਯੁੱਗ ਬਦਲ ਰਿਹਾ ਹੈ। ਪੁਰਾਣੇ ਲੋਕ ਅਤੇ ਪੁਰਾਣੀਆਂ ਬਾਤਾਂ ਵੀ ਬਦਲ ਰਹੀਆਂ ਹਨ। ਪਹਿਲਾਂ ਦਾਦੀ ਮਾਂ ਆਪਣੇ ਨੰਨ੍ਹੇ ਮੁੰਨਿਆਂ ਨੂੰ ਰਾਜਾ ਰਾਣੀ ਤੇ ਉਨ੍ਹਾਂ ਦੇ ਚਮਤਕਾਰੀ ਰਾਜ ਕੁਮਾਰਾਂ ਦੀਆਂ ਬਾਤਾਂ ਪਾਉਂਦੀ ਸੀ। ਬੱਚੇ ਕਿੰਨੀ ਕਿੰਨੀ ਰਾਤ ਤੱਕ ਬਿਨਾਂ ਪਲਕ ਝਪਕਾਏ ਹੁੰਗਾਰਾ ਭਰਦੇ ਰਹਿੰਦੇ।
ਪਰ ਹੁਣ ਅਜਿਹਾ ਕੁਝ ਨਹੀਂ ਹੁੰਦਾ। ਦਾਦੀ ਮਾਂ ਭਾਵੇਂ ਪਿੰਡ ਹੋਵੇ ਜਾਂ ਸ਼ਹਿਰ ਵਿਚ, ਕਲਯੁੱਗ ਦੇ ਕਾਰੇ ਵੇਖ ਵੇਖ ਕਮਰੇ ਦੀ ਕਿਸੇ ਨੁੱਕਰੇ ਬਹਿ ਕੇ ਰੱਬ ਦੇ ਨਾਂ ਦੀ ਮਾਲਾ ਫ਼ੇਰਦੀ ਹੈ। ਬੱਚਿਆਂ ਨੂੰ ਕਹਾਣੀਆਂ ਸੁਣਾਉਣ ਲਈ ਟੀ. ਵੀ. ਮੌਜੂਦ ਹੈ। ਜੋ ‘ਕਸ਼ਮੀਰ ਕੀ ਕਲੀ’ ਤੋਂ ‘ਆਸ਼ਿਕ ਆਵਾਰਾ’ ਅਤੇ ‘ਰਾਮਾਇਣ’ ਤੋਂ ‘ਅਲਿਫ਼ ਲੈਲਾ’ ਤੱਕ ਦੀਆਂ ਬਾਤਾਂ ਸੁਣਾਉਂਦਾ ਹੀ ਨਹੀਂ ਸਗੋਂ ਅੱਖਾਂ ਮੂਹਰੇ ਹਰ ਦ੍ਰਿਸ਼ ਵਾਪਰਦਾ ਦਿਖਾ ਦਿੰਦਾ ਹੈ। ਅਲਾਦੀਨ ਦੇ ਜਿੰਨ ਦੀਆਂ ਕਰਾਮਾਤਾਂ ਸੁਣਨ ਲਈ ‘ਦਾਦੀ ਅੰਮਾਂ, ਦਾਦੀ ਅੰਮਾਂ ਮਾਨ ਜਾਓ’ ਕਹਿਣ ਦੀ ਲੋੜ ਨਹੀਂ, ਬੱਸ ਟੀ. ਵੀ. ਦਾ ਬਟਨ ਦਬਾਓ ਤੇ ਕਹਾਣੀ ਸ਼ੁਰੂ!
ਯੁੱਗ ਜੁ ਬਦਲ ਗਿਆ ਹੈ। ਕਲਯੁੱਗ ਚੱਲ ਰਿਹਾ ਹੈ। ਯਾਨੀ ਕਲਪੁਰਜਿਆਂ ਦਾ ਯੁੱਗ, ਕਲਪੁਰਜ਼ੇ, ਜੋ ਮਸ਼ੀਨਾਂ ਵਿਚ ਪੈਂਦੇ ਹਨ। ਕੁਝ ਲੋਕਾਂ ਨੂੰ ਤਾਂ ਖ਼ਾਮਖ਼ਾਹ ਹੀ ਇਹ ਭਰਮ ਪੈ ਗਿਆ ਹੈ ਕਿ ਬਹੁਤ ਮਾੜੇ ਸਮੇਂ ਨੂੰ ਕਲਯੁਗ ਕਿਹਾ ਜਾਂਦਾ ਹੈ। ਇਹ ‘ਕਾਲ’ ਦਾ ਵਾਸਾ ਹੈ ਆਦਿ ਆਦਿ...। ਇਹ ਨਿਰੀ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲੀ ਸੋਚ ਹੈ। ਭਲਾ ਸੋਚੋ, ਸਾਡੇ ਦਾਦੇ ਪੜਦਾਦਿਆਂ ਦੇ ਵੇਲੇ ਸੁਣਿਆ ਹੈ ਕਿ ਖੇਤਾਂ ਵਿਚੋਂ ਫ਼ਸਲ ਦੀ ਵਾਢੀ ਕਰਨੀ ਹੁੰਦੀ ਤਾਂ ਸਾਰੇ ਸ਼ਰੀਕੇ ਕਬੀਲੇ ਤੇ ਰਿਸ਼ਤੇਦਾਰਾਂ ਨੂੰ ਇਕੱਠੇ ਹੋ ਕੇ ਕਈ ਮਹੀਨੇ ਵਾਢੀਆਂ ਕਰਨ ਤੇ ਲਗ ਜਾਂਦੇ ਸਨ। ਜੇਠ ਹਾੜ੍ਹ ਦੇ ਤਪਦੇ ਮਹੀਨਿਆਂ ਵਿਚ ‘ਬਾਬਿਆਂ’ ਦੀ ਮੱਤ ਮਾਰੀ ਰਹਿੰਦੀ ਸੀ। ਪਰ ਹੁਣ ਕਲਯੁਗ ਹੋਣ ਕਰਕੇ ਕੰਬਾਈਨ ਨਾਲ ਖੜ੍ਹੀ ਫ਼ਸਲ ਤੋਂ ਹੀ ਦਾਣੇ ਕੱਢ ਲਏ ਜਾਂਦੇ ਹਨ; ਹੜੰਭਾ ਭੀਮ ਦੀ ਘਰਵਾਲੀ ਨਹੀਂ! ਥਰੈਸ਼ਰ ਘੰਟਿਆਂ ਵਿਚ ਦਿਨਾਂ ਦਾ ਕੰਮ ਕੱਢ ਕੇ ਜੱਟ ਨੂੰ ਵਿਹਲਾ ਕਰ ਦਿੰਦਾ ਹੈ, ਤਾ ਕਿ ਉਹ ਛੇਤੀ ਤੋਂ ਛੇਤੀ ਮੰਡੀਆਂ ਤੇ ਮੇਲਿਆਂ ਦੀ ਧੂੜ ਫ਼ੱਕ ਸਕੇ।
ਆਏ ਗਏ ਮਹਿਮਾਨਾਂ ਦੀ ਸੇਵਾ ਦੁੱਧ, ਲੱਸੀ, ਦਹੀਂ ਆਦਿ ਨਾ ਕਰਨ ਦਾ ਰਿਵਾਜ ਹੁਣ ਖੁਦ ਹੀ ਆਇਆ ਗਿਆ ਹੋ ਗਿਆ ਹੈ। ਹੁਣ ਤਾਂ ਪਾਣੀ ਉਬਾਲੋ, ਖੰਡ ਪੱਤੀ ਪਾਓ, ਭੋਰਾ ਦੁੱਧ ਦਾ ਛਿੱਟਾ ਦਿਓ ਤੇ ਚਾਹ ਤਿਅਰ, ਜੋ ਅਗਲਾ ਵੀ ਬੜੀ ਚਾਹ ਕੇ ਛਕਦਾ ਹੈ। ਕਲਯੁਗ ਦੇ ਆਉਣ ਨਾਲ ਹੋਰ ਵੀ ਬਹੁਤ ਕੁਝ ਬਦਲਿਆ ਹੈ। ਜਿਵੇਂ ਸਾਡੇ ਅਖ਼ਾਣ ਮੁਹਾਵਰੇ। ਪਰ ਪਤਾ ਨਹੀਂ ਕਿਉਂ ਅਜੇ ਵੀ ਇਸ ਨਵੇਂ ਯੁੱਗ ਵਿਚ ਉਹੀ ਪੁਰਾਣੇ ਤੇ ਕੁਝ ਹਦ ਤੱਕ ਘਸੇ ਪਿਟੇ ਮੁਹਾਵਰੇ ਹੀ ਦੁਹਰਾਈ ਜਾਂਦੇ ਹਾਂ। ਮਿਸਾਲ ਵਜੋਂ, ਪਹਿਲਾਂ ਕਹਿੰਦੇ ਸਨ ਕਿ ‘ਜਿੱਥੇ ਚਾਹ ਉ¤ਥੇ ਰਾਹ’। ਇਸ ਦਾ ਭਾਵ ਅਰਥ ਸਮਝਾਉਣ ਲਈ ਸਕੂਲਾਂ ਵਿਚ ਹੀ ਕਿਸੇ ‘ਪਿਆਸੇ ਕਾਂ’ ਦੀ ਕਹਾਣੀ ਨੂੰ ਘੋਟਾ ਲਾ ਕੇ ਯਾਦ ਕਰਵਾਇਆ ਜਾਂਦਾ ਸੀ ਕਿ ਕਿਵੇਂ ਇੱਕ ਲੋੜਵੰਦ ਕਾਂ ਨੇ ਆਪਣੀ ‘ਚਾਹ’ ਪੂਰੀ ਕਰਨ ਲਈ ਘੜੇ ਵਿਚੋਂ ਪਾਣੀ ਪੀਣ ਦਾ ‘ਰਾਹ’ ਲੱਭਿਆ ਸੀ। ਪਰ ਅੱਜ ਕੱਲ੍ਹ ਇਹ ਸਾਰਾ ਅਖਾਣ ਹੀ ਉਲਟ ਪੁਲਟ ਹੋ ਗਿਆ ਹੈ, ‘ਜਿੱਥੇ ਜਾਹ, ਉ¤ਥੇ ਚਾਹ!’ ਜਾਂ ਫ਼ਿਰ ‘ਜਿਥੇ ਰਾਹ ਉਥੇ ਚਾਹ’ ਇਸ ਦਾ ਮਤਬਲ ਸਮਝਣ ਲਈ ਸਾਨੂੰ ਉਸ ਵਿਚਾਰੇ ਕਾਂ ਜਿੰਨੀ ਮਿਹਨਤ ਕਰਨ ਦੀ ਲੋੜ ਨਹੀਂ। ਬੱਸ, ਜ਼ਰਾ ਆਪਣੇ ਕਿਸੇ ਦੋਸਤ ਮਿੱਤਰ, ਰਿਸ਼ਤੇਦਾਰ ਜਾਂ ਗੁਆਂਢੀ ਨੂੰ ਉਸਦੇ ਘਰ ਜਾਂ ਦਫ਼ਤਰ ਮਿਲਣ ਤਾਂ ਜਾਓ! ਉਥੇ ਤੁਹਾਡੀ ‘ਹੁਣੇ ਪੀ ਕੇ ਆਇਆਂ’ ਦੀ ਮੁਹਾਰਨੀ ਵੀ ਕਿਸੇ ਨਹੀਂ ਸੁਣਨੀ। ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਚਾਹ, ਕੰਮ ਤੇ ਪਹੁੰਚ ਕੇ ਚਾਹ, ਦੁਪਹਿਰੇ ਚਾਹ, ਸ਼ਾਮ ਤਾਂ ਚਾਹ ਤੋਂ ਬਿਨਾਂ ਸੰਭਵ ਹੀ ਨਹੀਂ, ਏਨੀਆਂ ਸਾਰੀਆਂ ਬਾਕਾਇਦਾ ਚਾਹਾਂ ਤੋਂ ਇਲਾਵਾ ਜੇ ਕੋਈ ਮਿਲਣ ਵਾਲਾ ਆ ਜਾਏ ਜਾਂ ਤੁਸੀਂ ਕਿਸੇ ਨੂੰ ਮਿਲਣ ਚਲੇ ਜਾਓ ਤਾਂ ਚਾਹ....! ‘ਜਿੱਥੇ ਜਾਹ, ਉਥੇ ਚਾਹ!!’ ਮੁਹਾਵਰੇ ਬਦਲਦੇ ਹਨ।
ਹੋਰ ਵੇਖੋ, ਪਹਿਲਾਂ ‘ਯਥਾ ਰਾਜਾ ਤਥਾ ਪਰਜਾ’ ਹੁੰਦੀ ਸੀ। ਪਰ ਹੁਣ ਰਾਜੇ ਤਾਂ ਰਹੇ ਨਹੀਂ, ਨੇਤਾ ਆ ਗਏ ਹਨ। ਤੇ ਰਾਜ ਵੀ ਲੋਕਾਂ ਦਾ, ਲੋਕਾਂ ਲਈ ਤੇ ਲੋਕਾਂ ਦੁਆਰਾ ਹੋਣ ਕਰਕੇ ਪਹਿਲਾਂ ਪਰਜਾ ਰਹੇ ਹੁਣ ਵੋਟਰਾਂ ਦੀ ਚੌਧਰ ਹੈ। ਇਥੇ ਵੀ ਹੁਣ ‘ਯਥਾ ਵੋਟਰ ਤਥਾ ਲੀਡਰ’ ਵਾਲੀ ਗੱਲ ਬਣ ਚੁੱਕੀ ਹੈ। ਪਹਿਲਾਂ ਚੋਰ ਨੂੰ ਚੋਰੀ ਕੀਤਾ ਮਾਲ ਕਿਸੇ ਪੰਡ ਜਾਂ ਗੱਠੜੀ ਵਿਚ ਬੰਨ੍ਹ ਕੇ ਲਿਜਾਣਾ ਪੈਂਦਾ ਸੀ ਅਤੇ ਚੋਰ ਵੀ ਅਕਸਰ ਕਾਹਲੀ ਵਿਚ ਹੁੰਦੇ ਸਨ। ਕਈ ਵਾਰ ਚੋਰ ਦੀ ਮਿਹਨਤ ਅਤੇ ‘ਬਹਾਦਰੀ’ ਵੇਖ ਕੇ ‘ਪੰਡਾਂ’ ਵੀ ਨਾਲ ਜਾਣ ਲਈ ਕਾਹਲੀਆਂ ਪੈ ਜਾਂਦੀਆਂ ਸਨ। ਇਸੇ ਲਈ ਕਹਿੰਦੇ ਸਨ, ‘ਚੋਰ ਨਾਲੋਂ ਪੰਡ ਕਾਹਲੀ।’ ਪਰ ਹੁਣ ਨਾ ਤਾਂ ਉਹ ਪਹਿਲਾਂ ਵਾਲੇ ਚੋਰ ਰਹੇ ਹਨ ਤੇ ਨਾ ਹੀ ਉਹ ਮਹਾਨ ਪੰਡਾਂ ਅਤੇ ਨਾ ਹੀ ਚੋਰ ਨੂੰ ਕੋਈ ਕਾਹਲੀ ਰਹੀ ਹੈ। ਹੁਣ ਗੱਲ ‘ਚੋਰ ਨਾਲੋਂ ਅਟੈਚੀ ਕਾਹਲਾ’ ਤੱਕ ਜਾ ਪਹੁੰਚੀ ਹੈ। ਇਸ ਅਖਾਣ ਦੀ ਪ੍ਰਸੰਗ ਸਹਿਤ ਵਿਆਖਿਆ ਲਈ ਹਰਸ਼ਦ ਮਹਿਤਾ ਤੋਂ ਹੁਣ ਤੱਕ ਦੇ ਕਿਸੇ ਵੀ ਘਪਲੇ ਜਾਂ ਘੁਟਾਲੇ ਤੱਕ ਲਿਸਟ ਵੇਖੀ ਜਾ ਸਕਦੀ ਹੈ, ਪਰ ਮਾਫ਼ ਕਰਨਾ ਇਹ ਸੂਚੀ ¦ਮੀ ਵੀ ਹੋ ਸਕਦੀ ਹੈ। ਚੋਰਾਂ ਬਾਰੇ ਤਾਂ ਇਕ ਹੋਰ ਅਖਾਣ ਵੀ ਕਾਫ਼ੀ ਪ੍ਰਚਲਿਤ ਸੀ। ‘ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ’। ਹੁਣ ਸੌ ਦਿਨ ਤੋਂ ਬਾਅਦ ਆਉਂਦੇ ‘ਇੱਕ ਦਿਨ’ ਦਾ ਭੇਤ ਚੋਰਾਂ ਨੇ ਸਮਝ ਲਿਆ ਹੈ। ਅਤੇ ਉਹ ‘ਇੱਕ ਦਿਨ’ ਵਾਲੇ ਦਿਨ ਵਿਚ ਵੀ ਆਪਣਾ ਹੱਥ ਸਾਫ਼ ਕਰ ਜਾਂਦੇ ਹਨ ਤੇ ਸਾਧ ਵਿਚਾਰੇ ‘ਘੋਰ ਕਲਯੁੱਗ ਹੈ’ ਹੀ ਕਹਿੰਦੇ ਰਹਿ ਜਾਂਦੇ ਹਨ। ਅਤੇ ਚੋਰ ਦੇ ਮੁੜ ਕੇ ਸੌ ਦਿਨ ਪੂਰੇ ਹੋਣ ਦਾ ਇੰਤਜ਼ਾਰ ਕਰਦੇ ਹਨ। ਜੋ ਹੁਣ ਚੋਰਾਂ ਦੀ ਚਲਾਕੀ ਕਰਕੇ ਅਮੁੱਕ ਬਣ ਗਏ ਹਨ। ‘ਸੌ ਦਿਨ ਚੋਰ ਦੇ ਤੇ ਇਕ ਦਿਨ.....ਵੀ ਚੋਰ ਦਾ!’
ਵੈਸੇ ਸੌ ਨਾਲ ਸ਼ੁਰੂ ਹੋਣ ਵਾਲੀਆਂ ਲਗਪਗ ਸਾਰੀਆਂ ਹੀ ਕਹਾਵਤਾਂ ਤੇ ਹੁਣ ਕਲਯੁਗ ਦਾ ਪ੍ਰਭਾਵ ਪੈ ਚੁੱਕਿਆ ਹੈ। ਜਿਵੇਂ, ‘ਸੌ ਹੱਥ ਰੱਸਾ ਸਿਰੇ ਤੇ ਗੰਢ’ ਕਿਹੜੇ ਸਿਰੇ ਤੇ...? ‘ਸੌ ਸੁਨਾਰ ਦੀ ਇਕ ਲੁਹਾਰ ਦੀ’ ਤੇ ਬਾਕੀ ਬੰਦੇ ਹੀ ਨਹੀਂ..? ‘ਸੌ ਦਾਰੂ ਤੇ ਇਕ ਘਿਓ’ ਕਿਹੜਾ, ਡਾਲਡਾ ਜਾਂ ਵੇਰਕਾ..? ਇਸ ਤੋਂ ਇਲਾਵਾ ‘ਪੰਜ’ ਨਾਲ ਸ਼ੁਰੂ ਹੋਣ ਵਾਲੀਆਂ ਕਹਾਵਤਾਂ ਵੀ ਇਸ ਪ੍ਰਭਾਵ ਤੋਂ ਬਚ ਨਹੀਂ ਸਕੀਆਂ। ਜਿਵੇਂ ‘ਪੰਜਾਂ ਵਿਚ ਪ੍ਰਮੇਸ਼ਰ’ ਤੇ ਫ਼ਿਰ ਚੱਪੇ ਚੱਪੇ ’ਚ..?, ‘ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ’ ਇਹ ਤਾਂ ਅਖਾਣ ਹੀ ਗਲਤ ਹੈ, ਕਿਉਂਕਿ ਉਂਗਲਾਂ ਤਾਂ ਚਾਰ ਹੀ ਹੁੰਦੀਆਂ ਹਨ, ਪੰਜਵਾਂ ਤਾਂ ਅੰਗੂਠਾ ਹੁੰਦਾ ਹੈ ਨਾ?!
ਦਰਅਸਲ, ਕਿਸੇ ਵੀ ਗੱਲ ਪ੍ਰਤੀ ਸਾਡਾ ਨਜ਼ਰੀਆ ਕਾਫ਼ੀ ਬਦਲ ਰਿਹਾ ਹੈ। ਕੰਪਿਊਟਰ ਆ ਗਏ ਹਨ। ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਤੇ ਕਹਾਵਤਾਂ ਬਣ ਜਾਣਗੀਆਂ, ਜਿਵੇਂ ‘ਕੰਪਿਊਟਰ ਦਾ ਕੰਪਿਊਟਰ ਵੈਰੀ’, ‘ਸੀ. ਡੀ. ਇੱਕ ਤੇ ਪੰਨੇ ਵੀਹ ਸੌ’, ਆਦਿ। ਸੋ, ਜੇ ਸੱਚਮੁਚ ਹੀ ਹੁਣ ਜ਼ਮਾਨਾ ਨਵਾਂ ਆ ਰਿਹਾ ਹੈ ਤਾਂ ਕਿਉਂ ਨਾ ਅਸੀਂ ਵੀ ਨਵੀਆਂ ਕਹਾਵਤਾਂ ਸਿਰਜੀਏ...ਕਲਯੁੱਗ ਜੁ ਚਲ ਰਿਹਾ ਹੈ।
ਸਮਰਜੀਤ ਸਿੰਘ ਸ਼ਮੀ
ਸਮਰਜੀਤ ਸਿੰਘ ਸ਼ਮੀ
acha h g changa h
ReplyDelete