Share

Share |

ਹਾਲ ਫ਼ਕੀਰਾਂ ਦਾ

ਰਾਹ ਚਲਦੇ ਕਈ ਵਾਰੀ ਲੋਕ ਪੁੱਛ ਲੈਂਦੇ ਹਨ, ‘ਹੋਰ ਭਾਅ ਜੀ, ਕੀ ਹਾਲ ਹੈ?’ ਇਹ ਇਕ ਰਸਮ ਹੈ। ਜਿਸ ਦਾ ਜਵਾਬ ਇਕੋ ਹੀ ਹੁੰਦਾ ਹੈ। ‘ਠੀਕ ਹੈ, ਤੁਸੀਂ ਆਪਣਾ ਸੁਣਾਓ।’ ਨਾ ਪੁੱਛਣ ਵਾਲਾ ਦਿਲੋਂ ਪੁੱਛਦਾ ਹੈ ਤੇ ਨਾ ਦੱਸਣ ਵਾਲਾ ਦਿਲੋਂ ਸੱਚ ਦੱਸਦਾ ਹੈ। ਪਤਾ ਨਹੀਂ ਕਿਉਂ ਸੱਚ ਦੁਨੀਆਂ ਦੀ ਬਹੁਤੀ ਅਬਾਦੀ ਨੂੰ ਹਜ਼ਮ ਨਹੀਂ ਹੁੰਦਾ। ਹਾਲ ਚਾਲ ਦੱਸਣ ਵੇਲੇ ਵੀ ਨਹੀਂ।
ਹੱਸਦਿਆਂ ਦੇ ਘਰ ਵਸਦੇ। ਰੋਣੀ ਸੂਰਤ ਵੇਖ ਕੇ ਬੰਦਾ ਕਿਨਾਰਾ ਕਰਨ ਵਿਚ ਹੀ ਭਲਾਈ ਸਮਝਦਾ ਹੈ। ਅਜੀਬ ਗੱਲ ਹੈ। ਇਸ ਦੁੱਖਾਂ ਦੀ ਮਾਰੀ ਦੁਨੀਆਂ ਬਾਰੇ ਆਖਿਆ ਜਾਂਦਾ ਹੈ ਕਿ ਘਰ ਘਰ ਇਹੋ ਅੱਗ ਹੈ। ਫ਼ਿਰ ਵੀ ਮਿਲਣ ਸਮੇਂ ਹਾਲ ਪੁੱਛਣਾ ਰਸਮ ਹੈ। ਪਤਾ ਵੀ ਹੈ ਕਿ ਜਵਾਬ ਵਿਚ ਕੋਰੇ ਝੂਠ ਦਾ ਟੋਕਰਾ ਆਉਣ ਵਾਲਾ ਹੈ। ਪਰ ਇਸ ਟੋਕਰੇ ਦਾ ਭਾਰ ਚੁੱਕਦਿਆਂ ਇੰਨੀਆਂ ਪੀੜ੍ਹੀਆਂ ¦ਘ ਗਈਆਂ ਹਨ ਕਿ ਸ਼ਾਇਦ ਇਹੀ ਜ਼ਿੰਦਗੀ ਦਾ ਸੱਚ ਬਣ ਗਿਆ ਹੈ। ਹਾਂ, ਜੇ ਕੋਈ ਬਹੁਤਾ ਹੀ ਹਮਦਰਦੀ ਵਾਲਾ ਬੰਦਾ ਦਿਲੋਂ ਪੁੱਛ ਲਵੇ ਤਾਂ ਫ਼ਿਰ ਮਾੜੀ ਮੋਟੀ ਵਿੰਗ ਟੇਢ ਤੋਂ ਬਾਅਦ ਦੁੱਖਾਂ ਦੀ ਲੀਰੋ ਲੀਰ ਪੋਟਲੀ ਖੁੱਲ੍ਹਣੀ ਸ਼ੁਰੂ ਜਾਂਦੀ ਹੈ।

ਇਕ ਬੰਦਾ ਦੱਸ ਰਿਹਾ ਸੀ ਕਿ ਯਾਰ ਜੇ ਮੈਂ ਆਪਣ ਮਨ ਦੀ ਭੜਾਸ ਚਾਰ ਬੰਦਿਆਂ ਕੋਲ ਨਾ ਕੱਢ ਲਵਾਂ ਤਾਂ ਮੇਰੇ ਢਿੱਡ ਵਿਚ ਪਹਿਲਾਂ ਤਾਂ ਕੁਤਕੁਤਾੜੀਆਂ ਜਿਹੀਆਂ ਨਿਕਲਦੀਆਂ ਰਹਿੰਦੀਆਂ ਹਨ। ਫ਼ਿਰ ਅਚਾਨਕ ਢਿੱਡ ਵਿਚ ਗੈਸ ਬਣਨੀ ਸ਼ੁਰੂ ਜਾਂਦੀ ਹੈ। ਉਸ ਤੋਂ ਬਾਅਦ ਮੇਰੇ ਆਸੇ ਪਾਸੇ ‘ਸ਼ੋਰ ਰਹਿਤ’ ਪ੍ਰਦੂਸ਼ਨ ਪੈਦਾ ਹੁੰਦਾ ਹੈ, ਜਿਸ ਦਾ ਪਤਾ ਮੈਨੂੰ ਉਦੋਂ ਲਗਦਾ ਹੈ ਜਦੋਂ ਕੋਲ ਬੈਠੇ ਖਲੋਤੇ ਬੰਦੇ ਮੱਲੋਮੱਲੀ ਆਪਣੇ ਨੱਕ ਰੁਮਾਲਾਂ ਨਾਲ ਢਕਣ ਲਗਦੇ ਹਨ। ਕਹਿੰਦੇ ਹਨ ਕਿ ਢਿੱਡ ਦੀ ਗੈਸ ਜੇ ਦਿਮਾਗ ਨੂੰ ਚੜ੍ਹ ਜਾਵੇ ਤਾਂ ਕਈ ਪੰਗੇ ਖੜ੍ਹੇ ਹੋ ਸਕਦੇ ਹਨ। ਇਸ ਲਈ ਮਾੜੇ ਕਵੀ ਵਾਂਗ ਮੈਂ ਆਪਣੀ ਗੱਲ ਸੁਣਾਉਣ ਲਈ ਆਥਣ ਤੱਕ ਕੋਈ ਨਾ ਕੋਈ ਸੱਜਣ ਬੇਲੀ ਲੱਭ ਹੀ ਲੈਂਦਾ ਹਾਂ। ਵਾਤਾਵਰਨ ਜੁ ਸਾਫ਼ ਸੁਥਰਾ ਰੱਖਣਾ ਹੁੰਦਾ ਹੈ। ਹਾਲ ਚਾਲ ਦਰੁਸਤ ਹੋਣਾ ਕਿਹੜਾ ਜੁਆਕਾਂ ਦੀ ਖੇਡ ਹੈ। ਹਰ ਪਾਸੇ ਮਿਲਾਵਟ, ਰਿਸ਼ਵਤਖੋਰੀ ਹੈ। ਉਤੋਂ ਖ਼ੁਰਾਕ ਵੀ ਦੁੱਧ ਮੱਖਣਾਂ ਦੀ ਥਾਂ ਚਾਹ ਦੀ ਸੜੀ ਬਲੀ ਪਿਆਲੀ ਤੱਕ ਸਿਮਟ ਗਈ ਹੈ। ਲੋਕਾਂ ਦਾ ਮਿਜਾਜ ਚਾਹ ਦੀ ਗਲਤੀ ਨਾਲ ਸੜ ਗਈ ਪਤੀਲੀ ਵਰਗੇ ਹੋ ਗਏ ਹਨ। ਮੱਥੇ ਤਿਉੜੀਆਂ, ਅੱਗ ਉਗਲਦੇ ਵਿਚਾਰ, ਉਲਾਂਭੇ, ਮਿਹਣੇ, ਦਿਲਾਂ ਦੇ ਸੁੰਗੜਦੇ ਵਿਹੜੇ ਵਿਚ ਦਮ ਤੋੜ ਰਹੀ ਮੁਹੱਬਤ ਦੇ ਗੁਲਾਬ। ਕਸੂਰ ਕਿਸਦਾ ਹੈ, ਚਾਹ ਦਾ? ਸੇਬ ਦਾ ਜਾਂ ਛੁਰੀ ਦਾ? ਹਰ ਚੀਜ ਦੀ ਅੱਤ ਬੁਰੀ ਹੁੰਦੀ ਹੈ।

ਚਾਹ ਨੇ ਸਾਡੀ ਲੱਸੀ ਨੂੰ ਚਾਟੀ ਸਣੇ ਵਕਤ ਦੇ ਧੂੜ ਹੇਠ ਦੱਬ ਦਿੱਤਾ ਹੈ। ਆਪ ਰਸੋਈ ਦੀ ਰਾਣੀ ਬਣ ਗਈ ਹੈ। ਘਰ ਖਾਣ ਨੂ ਦਾਣੇ ਹੋਣ ਨਾ ਹੋਣ, ਚਾਹ ਦਾ ਜੁਗਾੜ ਜਰੂਰ ਹੁੰਦਾ ਹੈ। ਜੇ ਅਸੀਂ ਚਾਹ ਪੀਣ ਉੱਤੇ ਇਸੇ ਤਰਾਂ ਦੱਬ ਦਿੰਦੇ ਰਹੇ ਤਾਂ ਸਾਡਾ ਭਵਿੱਖ ਬੜਾ ਅਜੀਬ ਹੋ ਸਕਦਾ ਹੈ। ਅੱਜ ਹਸਪਤਾਲਾਂ ਵਿਚ ਡਾਕਟਰ ਬਿਮਾਰਾਂ ਨੂੰ ਗੁਲੂਕੋਜ਼ ਚੜ੍ਹਾਉਂਦੇ ਹਨ, ਕੱਲ੍ਹ ਹੋ ਸਕਦਾ ਹੈ ਬੋਤਲਾਂ ਵਿਚ ਗੁਲੂਕੋਜ਼ ਦੀ ਥਾਂ ਵੀ ਚਾਹ ਹੀ ਚੜ੍ਹਾਉਣੀ ਪਵੇ! ਬਿਮਾਰ ਪੁਰਸੀ ਕਰਨ ਆਏ ਨੂੰ ਮਰੀਜ ਦੇ ਰਿਸ਼ਤੇਦਾਰ ਦੱਸਿਆ ਕਰਨਗੇ, ‘ਵੇਖ ਲੌ ਭਾਅ ਜੀ, ਮੁੰਡਾ ਤਾਂ ਜਮ੍ਹਾਂ ਸੂਤਿਆ ਗਿਆ ਸੀ। ਭਲਾ ਹੋਵੇ ਸਿਆਣੇ ਡਾਕਟਰ ਦਾ। ਆਉਂਦਿਆਂ ਨੂੰ ਪਹਿਲਾਂ ਪਾਈਆ ਚਾਹ ਦਾ ਟੀਕਾ ਲਗਾਇਆ, ਫ਼ਿਰ ਵੀ ਗੱਲ ਨਹੀਂ ਬਣੀ ਤਾਂ ਭਾਈ ਮੁੰਡੇ ਨੂੰ ਚਾਹ ਦੀਆਂ ਚਾਲੀ ਬੋਤਲਾਂ ਚੜ੍ਹਾਉਣੀਆਂ ਪਈਆਂ। ਤਾਂ ਜਾ ਕੇ ਮੁੰਡਾ ਮੁੜਕੇ ਪੈਰਾਂ ਤੇ ਆਇਆ ਹੈ। ਹੁਣ ਤਾਂ ਆਪਣੇ ਟੱਬਰ ਨੂੰ ਪਛਾਣਦਾ ਹੈ!’ ਮਿਲਾਵਟੀ ਖੁਰਾਕ ਨੇ ਆਪਣਾ ਰੰਗ ਦਿਖਾ ਦੇਣਾ ਹੈ। ਉਂਜ ਰੰਗ ਤਾਂ ਹੁਣੇ ਹੀ ਵੇਖੇ ਜਾ ਸਕਦੇ ਹਨ। ਬੱਚੇ ਦੁੱਧ ਪੀਣ ਦੀ ਬਜਾਏ, ਬੱਤੇ ਪੀਣੇ ਬਣ ਗਏ ਹਨ। ਜੇ ਕੋਈ ਜੋਰ ਲਗਾ ਕੇ ਬੱਚਿਆਂ ਨੂੰ ਧੱਕੇ ਨਾਲ ਦੁੱਧ ਪਿਲਾ ਵੀ ਦੇਵੇ, ਤਾਂ ਬੱਚੇ ਬਿਮਾਰ ਹੋ ਜਾਂਦੇ ਹਨ। ਪਤਾ ਨਹੀਂ ਚਿੱਟੇ ਰੰਗ ਨਾਲ ਇੰਨੀ ਬੇਇਨਸਾਫ਼ੀ ਕਿਉਂ ਹੋ ਰਹੀ ਹੈ? ਦੁੱਧ ਵੀ ਲੋਕ ਯੂਰੀਆ ਘੋਲ ਘੋਲ ਕੇ ਘਰੇਲੂ ਫ਼ੈਕਟਰੀਆਂ ਵਿਚ ਤਿਆਰ ਕਰੀ ਜਾ ਰਹੇ ਹਨ। ਮੱਝਾਂ ਗਊਆਂ ਉਤੇ ਬੇਰੁਜਗਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ। ਬਜਾਰ ਵਿਚ ਲੋਹੇ ਦੀਆਂ ਮੱਝਾਂ ਦੁੱਧ ਤਿਆਰ ਕਰ ਰਹੀਆਂ ਹਨ। ਇਸ ਦੁੱਧ ਨਾਲ ਅਸਲੀ ਦੁੱਧ ਵਾਂਗ ਹਰ ਸ਼ੈਅ ਬਣ ਜਾਂਦੀ ਹੈ, ਦਹੀਂ, ਮੱਖਣ, ਦੇਸੀ ਘੀ ....। ਅਸਲੀ ਮੱਝਾਂ ਉਤੇ ਜਿਆਦਾ ਦੁੱਧ ਦੇਣ ਦਾ ਦਬਾਅ ਇੰਨਾ ਜਿਆਦਾ ਹੈ ਕਿ ਵਿਚਾਰੀਆਂ ਨੂੰ ਦੁੱਧ ਚੋਣ ਵੇਲੇ ਨਸ਼ੇ ਦੇ ਜਹਿਰੀਲੇ ਟੀਕੇ ਲਗਾਏ ਜਾਂਦੇ ਹਨ। ਜਿਆਦਾ ਹਰਾ ਚਾਰਾ ਉਗਾਉਣ ਲਈ ਖੇਤਾਂ ਵਿਚ ਜਹਿਰੀਲੇ ਕੀਟਨਾਸ਼ਕ ਛਿੜਕੇ ਜਾ ਰਹੇ ਹਨ। ਇਹੀ ਚਾਰਾ ਜੋ ਕੇਵਲ ਵੇਖਣ ਵਿਚ ਹੀ ਹਰਾ ਭਰਾ ਦਿਖਾਈ ਦਿੰਦਾ ਹੈ, ਪਸ਼ੂਆਂ ਨੂੰ ਤਾਂ ਦੁਖੀ ਕਰਦਾ ਹੀ ਹੈ, ਦੁੱਧ ਆਦਿ ਰਾਹੀਂ ਬੰਦਿਆਂ ਦੀਆਂ ਕੁੱਲਾਂ ਵੀ ਡੋਬ ਰਿਹਾ ਹੈ।

ਫ਼ੇਰ ਭਾਅ ਜੀ, ਅਸਲੀ ਦੁੱਧ ਕਿਥੋਂ ਲਿਆਈਏ? ਜਰਾ ਠਹਿਰੋ ਜਨਾਬ, ਉਹ ਦਿਨ ਦੂਰ ਨਹੀਂ ਜਦੋਂ ਦੁੱਧ ਦੇ ਕੈਪਸੂਲ ਬਜਾਰ ਵਿਚ ਮਿਲਿਆ ਕਰਨਗੇ। ਚਾਹ ਵਿਚ ਇਕ ਕੈਪਸੂਲ, ਦੁੱਧ ਲਈ ਦੋ ..। ਚੁੱਲ੍ਹਿਆਂ ਤੇ ਰਿੱਝਣ ਵਾਲੀ ਹਰ ਸ਼ੈਅ ਵਿਚ ਜਹਿਰ ਹੈ। ਲੋਕਾਂ ਦੇ ਜੀਵਨ ਵਿਚ ਇਸ ਜਹਿਰ ਦਾ ਅਸਰ ਹੋਣਾ ਲਾਜਮੀ ਹੈ। ਇਹ ਤਾਂ ਬੰਦੇ ਦੇ ਹੱਡਾਂ ਵਿਚ ਰਚ ਜਾਂਦੀ ਹੈ। ਤੇ ਹੱਡਾਂ ਤੋਂ ਦਿਲਾਂ ਵਿਚ। ਅਜਿਹੀ ਹਾਲਤ ਵਿਚ ਲੋਕ ਜਦੋਂ ਪੁੱਛਦੇ ਹਨ ਕੀ ਹਾਲ ਐ ਭਾਅ ਜੀ, ਤਾਂ ਇਹ ਜਖ਼ਮਾਂ ਤੇ ਲੂਣ ਛਿੜਕਣ ਵਾਲੀ ਗੱਲ ਲਗਦੀ ਹੈ। ਇਸ ਸਭ ਕਾਸੇ ਦੀ ਸ਼ਿਕਾਇਤ ਵੀ ਕੀਹਦੇ ਕੋਲ ਕਰੀਏ? ਸ਼ਿਕਵੇ ਸ਼ਿਕਾਇਤਾਂ ਲਾਉਣ ਲਈ ਸਮਾਂ, ਸਥਾਨ ਅਤੇ ਸਰਕਾਰ ਦੀ ਲੋੜ ਹੁੰਦੀ ਹੈ। ਸਰਕਾਰ, ਅਕਸਰ ਦਫ਼ਤਰਾਂ ਵਿਚ ਵਸਦੀ ਦੱਸੀ ਜਾਂਦੀ ਹੈ। ਕਾਗਜ਼ਾਂ ਦੀ ਬੇੜੀ ਵਿਚ ਨਿਯਮਾਂ ਦੇ ਪੂਰ ਆਰ ਪਾਰ ¦ਘਦੇ ਰਹਿੰਦੇ ਹਨ ਤੇ ਨਾਲ ਹੀ ਲੋਕਾਂ ਦੇ ਦੁੱਖ ਸੁੱਖ। ਦਫ਼ਤਰਾਂ ਵਿਚ ਕੋਈ ਵੀ ਕੰਮ ਪੈਸੇ ਲਏ ਦਿੱਤੇ ਬਿਨਾਂ ਸਿਰੇ ਚੜ੍ਹਨੋਂ ਡਰਦਾ ਹੈ। ਕੌਣ ਕਹਿੰਦਾ ਹੈ ਕਿ ਸਿਰਫ਼ ਭੂਤਾਂ ਪ੍ਰੇਤਾਂ ਤੋਂ ਡਰਿਾ ਜਾਂਦਾ ਹੈ। ਕਾਗਜੀ ਸ਼ੇਰ ਆਪਣੇ ਸ਼ਿਕਾਰ ਦੇ ਸਿਰ ਚੜ੍ਹਕੇ ਕਈ ਤਰਾਂ ਦੇ ਲੋਕ ਨਾਚ ਕਰਕੇ ਆਪਣਾ ਮਨ ਪ੍ਰਚਾਵਾ ਕਰ ਲੈਂਦੇ ਹਨ, ਵਿਚਾਰੇ! ਪਰ ਜੇ ਨੇੜਿਓਂ ਤੱਕੋ ਤਾਂ ਸਰਕਾਰ ਦੇ ਮੁਲਾਜਮਾਂ ਦੀ ਭੂੰ ਭੂੰ ਦਾ ਸ਼ੋਰ ਸੁਣਾਈ ਦਿੰਦਾ ਹੈ। ਆਖਦੇ ਹਨ, ਸਰਕਾਰ ਆਪਣੇ ਮੁਲਾਜਮਾਂ ਨੂੰ ‘ਫ਼ਾਲਤੂ’ ਮਾਲ, ਆਪਣੇ ਖਜਾਨੇ ਤੇ ‘ਬੇਕਾਰ ਬੋਝ’ ਸਮਝ ਕੇ ਕਈ ਕਈ ਮਹੀਨੇ ਤਨਖਾਹ ਨਹੀਂ ਦਿੰਦੀ। ਹਾਲਤ ਇਹ ਹੈ ਕਿ ਬਿਨਾਂ ਚੜ੍ਹਾਵੇ ਤੋਂ ਰੱਬ ਦੇ ਘਰੋਂ ਵੀ ਭੋਗ ਨਹੀਂ ਮਿਲਦਾ। ਬੇਬਸ ਹੋ ਕੇ ਜੇ ਕੋਈ ਚੀਕ ਪੁਕਾਰ ਕਰੇ, ਤਾਂ ਤਕੜੇ ਦੀ ਲਾਠੀ ਦੀ ਨੁੱਕਰ ਹੇਠ ਦੱਬੀ ਜਾਂਦੀ ਹੈ। ਲਾਠੀ ਨੇ ਵੀ ਸ਼ੁਰੂ ਤੋਂ ਤਕੜੇ ਦਾ ਹੀ ਸਾਥ ਨਿਭਾਇਆ ਹੈ।

ਪਰ ਚਲੋ ਇਕ ਗੱਲ ਤਾਂ ਹਰ ਯੁੱਗ ਵਿਚ ਸੱਚ ਸਬਿਤ ਹੋਈ ਹੈ। ਉਹ ਇਹ ਕਿ ਹਰ ਤਰਾਂ ਦੀ ਮਾਰ ਖਾ ਕੇ ਜੂਨ ਕੱਟ ਰਹੀ, ਕਿਸੇ ਤਰਾਂ ਜੀ ਰਹੀ ਦੁਨੀਆਂ ਦੁਖੀ ਹੋਣ ਦੇ ਬਾਦ ਵੀ ‘ਖ਼ੁਸ਼’ ਹੈ। ਜਦੋਂ ਕਿਸੇ ਨੂੰ ਹਾਲ ਪੁੱਛੋ ਤਾਂ ਅਗਲਾ ਆਖਦਾ ਹੈ, ‘ਬਾਗੋ ਬਾਗ ਹੈ, ਆਪਣਾ ਸੁਣਾ।’ ਸਾਨੂੰ ਬੇਬਸੀ ਛੁਪਾ ਕੇ ਮਜਬੂਰਨ ਕਹਿਣਾ ਪੈਂਦਾ ਹੈ, ‘ਅਸੀਂ ਵੀ ਠੀਕ ਹਾਂ ਬਾਈ ਦਿਨ ਕੱਟੀ ਜਾਂਦੇ ਹਾਂ।’ ਇਹਨਾਂ ਹਾਸਿਆਂ ਦੇ ਹਨੇਰੇ ਪਿੱਛੇ ਲੁਕਿਆ ਭੈੜਾ ਸੱਚ ਕੁੰਭਕਰਨੀ ਨੀਂਦ ਸੌਂ ਰਿਹਾ ਹੈ। ਉਹ ਕਿਸੇ ਇੱਲ ਬਲਾਅ ਨਾਲੋਂ ਕਈ ਚੰਦੇ ਵਧਕੇ ਮੁਸੀਬਤ ਦੇ ਸਕਦਾ ਹੈ। ‘ਸਦਾ ਸੱਚ ਬੋਲੋ’ ਦੀ ਇਬਾਰਤ ਸ਼ਾਇਦ ਉਸੇ ਰੂਹ ਦੀ ਸ਼ਾਂਤੀ ਲਈ ਲੋਕ ਕੰਧਾਂ ਕੌਲਿਆਂ ਤੇ ਟੰਗੀ ਬੈਠੇ ਹਨ। ਉਸਦੇ ਜਾਗਣ ਤੱਕ ਸਾਰੇ ਠੀਕ ਹਨ। ਕਿਉਂ ਜੀ ਠੀਕ ਹੈ ਨਾ। ਪਰ ਛੱਡੋ ਪਰੇ ਝਮੇਲੇ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਹੈ ਮਿੱਤਰੋ?!

shammi@samarjeet.com

No comments:

Post a Comment