Share

Share |
ਅਸੀਂ ਕੱਟੀਏ ਦਿਨ ਵਾਂਗੂੰ ਮੁਜ਼ਰਿਮ ਦੇ
ਜੋ ਹਵਾਲਾਤ ਵਿੱਚ ਕੈਦ ਹੋਵੇ।
ਪੈਰਾਂ ਵਿੱਚ ਬੇੜੀ ਸਮੇਂ ਵਾਲੀ,
ਜਿਉਂ ਹੱਥਕੜੀ ਨਬਜ਼ ਦੀ ਵੈਦ ਹੋਵੇ।

ਤੋਹਫ਼ੇ ਵਿੱਚ ਚਾਕੂ ਛੁਰੀਆਂ ਦੇ ਗਿਆ
ਜੋ ਫ਼ੁੱਲਾਂ ਤੇ ਵਸਲਾਂ ਦਾ ਹਾਮੀ ਸੀ।
ਮੈਂ ਉਸਨੂੰ ਆਖਾਂ ਬੇਵਫ਼ਾ
ਜਾਂ ਵਫ਼ਾ ਮੇਰੀ ਵਿੱਚ ਖ਼ਾਮੀ ਸੀ।

ਦਿਲ ਦੀ ਗੱਲ ਕਰਨ ਵੇਲੇ ਵੀ ਅਕਸਰ,
ਚਿਹਰੇ ਤੇ ਕੋਈ ਨੂਰ ਨਹੀਂ ਹੁੰਦਾ।
ਇਹ ਸ਼ੱਕ ਨਹੀਂ ਯਕੀਨ ਹੈ ਉਸਨੂੰ
ਧੋਖਾ ਵਫ਼ਾ ਤੋਂ ਦੂਰ ਨਹੀਂ ਹੁੰਦਾ।

ਪਹਿਰੇ ਤੇ ਜੋ ਵੀ ਖੜ੍ਹਦਾ ਹੈ
ਰੂਹ ਤੇ ਪੈੜਾਂ ਕਰ ਜਾਵੇ
ਇੱਕ ਅਜਬ ਹੀ ਹੇਰਾਫ਼ੇਰੀ ਹੈ ਕਿ
ਇੱਕ ਨਜ਼ਮ ਰੋਜ਼ ਹੀ ਮਰ ਜਾਵੇ।

ਜੀ ਚਾਹੇ ਗਾਹੁਦਾ ਅੰਬਰਾਂ ਨੂੰ,
ਪਰ ਹਰ ਪਾਸੇ ਹੈ ਕੈਦ ਜਿਹੀ।
ਹਰ ਸਾਹ ਤੇ ਕਾਬੂ ਨਿਯਮਾਂ ਦਾ
ਧੜਕਣ ਵੀ ਜਾਵੇ ਕੈਦ ਜਿਹੀ।

ਹਾਕਮ ਤੇ ਸ਼ੈਤਾਨ ਦੀ ਤਾਂ ਜਾਪੇ
ਜਿਉਂ ਮੁੱਢ ਤੋਂ ਉੱਠਣੀ ਬਹਿਣੀ ਹੈ।
ਤਾਹੀਓਂ ਅੱਗ ਜ਼ੁਲਮਾਂ ਦੀ ਬਲ਼ਦੀ ਹੈ,
ਤੇ ਬਲ਼ਦੀ ਹੀ ਰਹਿਣੀ ਹੈ।

ਇਹ ਹਜ਼ੂਮ ਵੀ ਲੋਕਾਂ ਦਾ ਇਉਂ ਲਗਦੈ
ਪਹਿਲਾਂ ਵੀ ਕਿਤੇ ਵੇਖਿਆ ਹੈ।
ਹਾਂ, ਇਹ ਤਾਂ ਉਹੀ ਨੇ ਜਿਹਨਾਂ ਦੀਆਂ ਆਸਾਂ ਨੂੰ
ਕਿਸੇ ਨੇਤਾ ਨੇ ਬਾਲ਼ ਕੇ ਸੇਕਿਆ ਹੈ।

ਕਲਮਕਾਰ ਤਾਂ ਮੁੱਢ ਕਦੀਮੋਂ ਹੀ
ਜ਼ੁਲਮ ਨੂੰ ਨੰਗਾ ਕਰਦੇ ਆਏ ਨੇ।
ਹਾਕਮ ਵੀ ਤਾਂ ਘੱਟ ਨਹੀਂ ਅਕਸਰ ਜੋ,
ਸੱਚ ਨੂੰ ਫ਼ਾਂਸੀ ਲਾਉਂਦੇ ਆਏ ਨੇ।

ਸਮਰਜੀਤ ਸਿੰਘ ਸ਼ਮੀ, 22.4.95

No comments:

Post a Comment