Share

Share |
ਆਖਦਾ ਏ ਨਾਨਾ, ਗਿਆ ਬਦਲ ਜ਼ਮਾਨਾ,
ਹਵਾ ਪੁੱਠੀ ਜਿਹੀ ਹੁਣ ਤਾਂ ਇਹ ਚੱਲਦੀ।

ਬਿਨਾਂ ਚਮਚੇ ਤੋਂ ਖਾਣਾ, ਭਾਵੇਂ ਘਰ ਹੈ ਜਾਂ ਥਾਣਾ,
ਇਹ ਤਾਂ ਸੱਜਣਾ ਵੇ ਬਾਤ ਬਣਗੀ ਹੈ ਕੱਲ੍ਹ ਦੀ।

ਨਾਲੇ ਵੇਖ ਸਾਡੀ ਮੁੰਨੀ, ਲੈਂਦੀ ਸਿਰ ਤੇ ਨਾ ਚੁੰਨੀ
ਅਖੇ ਜੀਨ ਨਾਲ ਨਾਨਾ ਹੁਣ ਚੁੰਨੀ ਨਹੀਂ ਚੱਲਦੀ।

ਚੜ੍ਹੇ ਸੂਲ਼ੀ ਉੱਤੇ ਜਾਨ, ਜਦੋਂ ਆਉਣ ਮਹਿਮਾਨ,
ਤਾਂਹੀ ਲੱਸੀ ਦੀ ਥਾਂ ਹੁਣ ਚਾਹ ਈ ਹੈ ਚੱਲਦੀ।

ਹੋਇਆ ਆਪਣਾ ਬਿਗਾਨਾ, ਪਾਵੇ ਟਿੰਡ ਵਿਚ ਕਾਨਾ,
ਦਿੰਦਾ ਕੰਮ ਨੂੰ ਵਿਗਾੜ ਗੱਲ ਕਰੇ ਵਲ ਛਲ ਦੀ।

ਲੰਡੇ ਲੁੱਚੇ ਦਾ ਹੈ ਰਾਜ, ਕਾਹਨੂੰ ਫ਼ੋਲਣੇ ਨੇ ਪਾਜ਼,
ਚਰਚਾ ਇਹੋ ਹੈ ਗਲੀ ਗਲੀ ਹੁਣ ਚੱਲਦੀ।

ਤੂੰ ਵੀ ਸਿੱਖ ਕੁਝ ਦਾਅ, ਨਵੇਂ ਯੁੱਗ ਦੀ ਹਵਾ,
ਹੋਜਾ ਬੇਪਰਵਾਹ ਵੇਖੀਂ ਫ਼ਿਰ ਗੱਡੀ ਕਿਵੇਂ ਚੱਲਦੀ।

ਨਵੇਂ ਯੁੱਗ ਨਾਲ ਚੱਲੋ, ਨਿੱਤ ਨਵੀਂ ਥਾਂ ਮੱਲੋ,
ਛੱਡੋ ਝਗੜੇ ਪੁਰਾਣੇ ਉਹ ਤਾਂ ਬਾਤ ਸ਼ਮੀ ਕੱਲ੍ਹ ਦੀ।
19.1.99

No comments:

Post a Comment