ਕੁਰਸੀ ਸੱਤਾ ਦਾ ਪ੍ਰਤੀਕ ਬਣਕੇ ਸਦੀਆਂ ਤੋਂ ਗਰੀਬੜੇ ਲੋਕਾਂ ਲਈ ਉਸ ਕਿਲੇ ਦੀ ਮੰਡੇਰ ਵਾਂਗ ਅਜਿੱਤ ਰਹੀ ਹੈ ਜਿਸ ਦੀਆਂ ਇੱਟਾਂ ਵਿਚ ਖੂਨ ਪਸੀਨਾ ਭਾਵੇਂ ਗਰੀਬਾਂ ਦਾ ਹੀ ਹੁੰਦਾ ਹੈ ਪਰ ਇਸ ਦੇ ਦਰਵਾਜੇ ਹਮੇਸ਼ਾ ਉਸ ਲਈ ਗੁੰਝਲਦਾਰ ਬੁਝਾਰਤ ਰਹੇ ਹਨ। ਚੰਗਾ ਤੇ ਮਾੜਾ ਹਾਕਮ ਨਸੀਬ ਹੋਣਾ ਗਰੀਬਾਂ ਦੀ ਚੰਗੀ ਜਾਂ ਮਾੜੀ ਕਿਸਮਤ ਤੇ ਨਿਰਭਰ ਕਰਦਾ ਹੈ। ਚੰਗਾ ਹਾਕਮ ਲੋਕਾਂ ਲਈ ਸੁੱਖ ਦੀ ਠੰਢੀ ਮਿੱਠੀ ਛਾਂ ਲੈ ਕੇ ਆਉਂਦਾ ਹੈ, ਬੋਹੜ ਵਾਂਗ, ਪਿੱਪਲ ਵਾਂਗ। ਪਰ ਮਾੜਾ ਬੰਦਾ ਤਖਤ ਉੱਤੇ ਬੈਠ ਕੇ ਆਪਣੇ ਲੋਕਾਂ ਲਈ ਹਰ ਦਿਨ ਨਵੀਂ ਨਮੋਸ਼ੀ ਤੇ ਹੁੰਭ ਲੈ ਕੇ ਆਉਂਦਾ ਹੈ। ਧਰਤੀ ਦੀ ਹਿੱਕ ਤੇ ਅਜਿਹੇ ਚੰਗੇ ਮਾੜੇ ਹਾਕਮਾਂ ਦੀਆਂ ਕਰਤੂਤਾਂ ਦੇ ਪਰਛਾਵੇਂ ਸਦੀਵੀ ਪ੍ਰਭਾਵ ਪਾਉਂਦੇ ਹਨ। ‘ਸ਼ਿੰਡਲਰਜ਼ ਲਿਸਟ’ ਫ਼ਿਲਮ ਨੂੰ 1993 ਵਿਚ ਅਕੈਡਮੀ ਅਵਾਰਡ ਮਿਲਿਆ ਅਤੇ ਉਸ ਵੇਲੇ ਇਸ ਫ਼ਿਲਮ ਨੇ ਨਾਜ਼ੀਆਂ ਵੱਲੋਂ ਯਹੂਦੀਆਂ ਦੀ ਨਸਲਕੁਸ਼ੀ ਨੂੰ ਬੜੀ ਆਸਕਰ ਸ਼ਿੰਡਲਰ ਰਾਹੀਂ ਬੜੀ ਸ਼ਿੱਦਤ ਨਾਲ ਦਿਖਾਇਆ ਹੈ। ਉਹ ਘੜੀ, ਉਹ ਸਮਾਂ ਕਿਹੋ ਜਿਹਾ ਬੇਰਹਿਮ ਹੋ ਜਾਂਦਾ ਹੈ ਜਦੋਂ ਸ਼ੈਤਾਨ ਇਨਸਾਨ ਦਾ ਜਾਮਾ ਪਾ ਕੇ ਸੜਕਾਂ ਤੇ ਉੱਤਰ ਆਉਂਦਾ ਹੈ ਤੇ ਰਾਹ ਵਿਚ ਮਿਲਣ ਵਾਲੇ ਹਰ ਬੰਦੇ ਨੂੰ ਕੀੜੇ ਮਕੌੜੇ ਵਾਂਗ ਕੁਚਲ ਦਿੰਦਾ ਹੈ। ਹਜ਼ਾਰਾਂ ਲੱਖਾਂ ਲੋਕਾਂ ਦਾ ਕਤਲੇਆਮ ਹੋਇਆ ਤੇ ਅਜਿਹੀ ਘਿਨੌਣੀ ਸੋਚ ਵਾਲਾ ਹਿਟਲਰ ਇਤਿਹਾਸ ਵਿਚ ‘ਅਮਰ’ ਹੋ ਗਿਆ! ਪਤਾ ਨਹੀਂ ਅੱਜ ਹਿਟਲਰ ਦੇ ਵਾਰਸ ਉਸ ਦੇ ਕਾਰਿਆਂ ਨੂੰ ਕਿਸ ਤਰਾਂ ਸੋਚਦੇ ਹੋਣਗੇ। ਸਪਿਲਬਰਗ ਦੇ ਪ੍ਰਭਾਵਸ਼ਾਲੀ ਨਿਰਦੇਸ਼ਨ ਹੇਠ ਬਣੀ ਇਸ ਬਲੈਕ ਐਂਡ ਵਾਈਟ ਫ਼ਿਲਮ ਨੇ ਹਰ ਸੋਚਵਾਨ ਨੂੰ ਇਕ ਵਾਰ ਤਾਂ ਸੋਚਣ ਲਈ ਮਜਬੂਰ ਕੀਤਾ ਹੋਵੇਗਾ।ਇਸੇ ਤਰਾਂ ਬੱਬੂ ਮਾਨ ਨੇ ‘ਹਵਾਏਂ’ ਪੰਜਾਬੀ ਫ਼ਿਲਮ ਰਾਹੀਂ ਭਾਰਤ ਦੀ ਧਰਤੀ ਤੇ ਵਾਪਰੇ ਖੂਨੀ ਸਾਕੇ ਦੇ ਪੰਨਿਆਂ ਨੂੰ ਫ਼ਰੋਲਣ ਦਾ ਯਤਨ ਕੀਤਾ ਅਤੇ ਗੁਰਦਾਸ ਮਾਨ ਨੇ ‘ਦੇਸ ਹੋਇਆ ਪਰਦੇਸ’ ਰਾਹੀਂ ਆਪਣੇ ਹੀ ਦੇਸ਼ ਵਿਚ ਓਪਰੇਪਣ ਦੀ ਹਵਾ ਦੀ ਝਲਕ ਵਿਖਾਈ। ਇਹ ਅਤੇ ਅਜਿਹੀਆਂ ਫ਼ਿਲਮਾਂ ਨੂੰ ਬਣਾਉਣ ਦਾ ਮਕਸਦ ਭਾਵੇਂ ਕੁਝ ਵੀ ਰਿਹਾ ਹੋਵੇ, ਇਕ ਗੱਲ ਜਰੂਰ ਹੈ, ਇਹਨਾਂ ਰਾਹੀਂ ਹਾਕਮਾਂ ਦੇ ਸਨਕੀਪੁਣੇ ਅਤੇ ਬਦਹਵਾਸੀ ਦੇ ਸਿਖਰ ਨੂੰ ਨੰਗਾ ਕਰਨ ਦੀ ਦਲੇਰੀ ਜਰੂਰ ਹੋਈ ਹੈ। ਕਿਉਂਕਿ ਉਹ ਬੁ¦ਦ ਚੋਟੀ ਤੱਕ ਆਮ ਬੰਦੇ ਦੀ ਤਾਂ ਨਜ਼ਰ ਪੁੱਜਦੀ ਹੀ ਔਖੀ ਹੈ। ਰੱਬ ਕਰੇ ਇਸ ਧਰਤੀ ਨੂੰ ਹਮੇਸ਼ਾ ਚੰਗੀ ਸੋਚ ਵਾਲੇ ਹਾਕਮ ਨਸੀਬ ਹੋਣ, ਤਾਕਿ ਇਸ ਦੇ ਵਾਸੀਆਂ ਨੂੰ ਕਦੇ ਇਹ ਓਪਰੀ ਨਾ ਲੱਗੇ, ਆਮੀਨ!
ਸਮਰਜੀਤ ਸਿੰਘ ਸ਼ਮੀ
No comments:
Post a Comment