Share

Share |

ਕੀ ਕਰੀਏ, ਕੀ ਨਾ ਕਰੀਏ ...!

ਧਰਤੀ ਤਰਾਂ ਤਰਾਂ ਦੇ ਜੀਵ ਜੰਤੂਆਂ ਦੇ ਨਾਲ ਭਰੀ ਪਈ ਹੈ। ਇਹਨਾਂ ਵਿੱਚੋਂ ਬਹੁਤੇ ਤਾਂ ਆਪਣੇ ਲਈ ਹੀ ਜੂਨ ਕੱਟਦੇ ਹਨ ਤੇ ਕਈ ਦੂਜਿਆਂ ਲਈ ਡੰਗ ਟਪਾਉਂਦੇ ਪੂਰ ਲੰਘਦੇ ਰਹਿੰਦੇ ਹਨ। ਇੱਕ ਆਹ ਬੰਦੇ ਦੀ ਜੂਨ ਬਾਹਲੀ ਅੱਤ ਚੱਕੀਂ ਫਿਰਦੀ ਹੈ। ਚੈਨ ਈ ਨਹੀਂ। ਇੱਕ ਪਹੀਏ ਜਾਂ ਅੱਗ ਵਗੈਰਾ ਦੀ ਕਾਹਦੀ ਖੋਜ ਕਰ ਲਈ; ਹੁਣ ਕਦੇ ਆਖਦੇ ਨੇ, ਚਲੋ ਚੰਨ ਤੇ ਗੇੜਾ ਲਾ ਆਈਏ, ਕਦੇ ਆਖਦੇ ਨੇ, ਇੱਕੋ ਬੰਬ ਮਾਰ ਕੇ ਧਰਤੀ ਪੱਧਰੀ ਕਰ ਛੱਡੀਏ ... ਨਾ ਰਹੇਗਾ ਬੰਦਾ, ਨਾ ਬੰਦਗੀ। ਹੁਣ ਏਨਾ ਸ਼ਕਤੀਸ਼ਾਲੀ ਹੋ ਗਿਐ ਕਿ ਰੱਬ ਨੂੰ ਆਖਦੈ, ਚਲੋ ਭਾਅ ਜੀ ਬਹੁਤ ਹੋ ਗਿਆ ਹੁਣ ਮੇਰੀ ਵਾਰੀ ਐ ਰਾਜ ਕਰਨ ਦੀ!
ਕਦੇ ਕਦੇ ਅਜੀਬ ਲੱਗਦੈ ਕਿ ਮਨੁੱਖ ਜੋ ਡੇਢ ਸੌ ਸਾਲ ਪਹਿਲਾਂ ਤੱਕ ਖੋਤੇ ਘੋੜਿਆਂ ਵਾਲੀ ਦੁਨੀਆਂ ਵਿਚ ਰਹਿ ਰਿਹਾ ਸੀ, ਸੌ ਦੋ ਸੌ ਸਾਲ ਤੋਂ ਨਹੀਂ, ਹਜਾਰਾਂ ਸਾਲਾਂ ਤੋਂ। ਐਸਾ ਕਿਹੜਾ ਜਾਦੂ ਚੱਲ ਗਿਆ ਆਹ ਪਿਛਲੇ ਡੇਢ ਸੌ ਸਾਲਾਂ ਦੇ ਅੰਦਰ ਕਿ ਬੰਦੇ ਦੀ ਦਿਮਾਗ ਦੀ ਬੱਤੀ ਜਗ ਪਈ ਤੇ ਉਸਨੇ ਕਾਢਾਂ, ਖੋਜਾਂ ਦੀ ਹਨੇਰੀ ਲਿਆ ਦਿੱਤੀ। ਇਉਂ ਜਾਪਦਾ ਹੈ ਜਿਵੇਂ ਕਿਸੇ ਸ਼ਰਾਰਤੀ ਜੁਆਕ ਨੇ ਜੁੱਗਾਂ ਜੁਗਾਂਤਰਾਂ ਤੋਂ ਗਹਿਰੀ ਨੀਂਦੇ ਸੁੱਤੇ ਕਿਸੇ ਮਖੀਲ ਦੇ ਛੱਤੇ ਵਿਚ ਇੱਟ ਮਾਰ ਦਿੱਤੀ ਹੋਵੇ ...।

ਪਹਿਲਾਂ ਉਦਯੋਗਿਕ ਕ੍ਰਾਂਤੀ, ਫਿਰ ਬਿਜਲੀ, ਇਲੈਕਟਰਾਨਿਕਸ, ਤੇ ਫਿਰ ਸਾਰੀਆਂ ਖੋਜਾਂ ਦਾ ਪਿਓ ਕੰਪਿਊਟਰ ... ਇੰਟਰਨੈੱਟ ਅਤੇ ਹੁਣ ਆਂਹਦੇ ਨੇ ਨੈਨੋ ਤਕਨੀਕ ਆ ਰਹੀ ਹੈ ਅਤੇ ਸ਼ਾਇਦ ਬੰਦਾ ਮਹਾਂਭਾਰਤ ਜਾਂ ਰਾਮਾਇਣ ਯੁੱਗ ਵਾਂਗ ਸਰਾਪੋ ਸਰਾਪੀ ਹੋਣ ਜਾਂ ਵਰ ਆਦਿ ਦੇਣ ਲੱਗ ਪਏ, ਤਥਾਸਤੂ ਕਹਿੰਦਿਆਂ ਹੀ ਲੱਖ ਤੋਂ ਕੱਖ, ਕੱਖ ਤੋਂ ਲੱਖ ਬਣਨ ਲੱਗ ਜੇ। ਕਾਰਾਂ ਕੂਰਾਂ ਦੀ ਲੋੜ ਈ ਮੁੱਕ ਜੇ, ਅੱਖਾਂ ਬੰਦ ਕਰੋ, ਚਲੋ ਟੋਰਾਂਟੋ, ਚਲੋ ਲੁਧਿਆਣੇ ... ਸੜਕਾਂ, ਟੋਲ ਪਲਾਜਿਆਂ ਦੀ ਉੱਕਾ ਹੀ ਲੋੜ ਨਹੀਂ ਰਹਿਣੀ ਲੇਜ਼ਰ ਟਰਾਂਸਪੋਰਟ ਨਾਲ ... :-)

ਬੰਦੇ ਦੀਆਂ ਅਫ਼ਲਾਤੂਨੀ ਖੋਜਾਂ, ਕਾਢਾਂ ਦਾ ਤੂਫ਼ਾਨ ਏਨਾ ਤੇਜ਼ ਹੋ ਗਿਆ ਹੈ ਕਿ ਜੇ ਹੁਣ ਆਪ ਵੀ ਰੋਕਣਾ ਚਾਹੇ ਤਾਂ ਸ਼ਾਇਦ ਨਾਲ ਹੀ ਉੱਡ ਪੁਡ ਜਾਏ ਕਿਧਰੇ ! ਇੱਕ ਪਾਸੇ ਧਰਤੀ ਦੀ ਬੁੱਕਲ ਸਿਵਿਆਂ ਚ ਨੱਚਦੇ ਭੂਤਾਂ ਵਰਗੇ ਬੰਬਾਂ, ਮਿਜ਼ਾਇਲਾਂ ਨਾਲ ਭਰ ਦਿੱਤੀ ਹੈ ਅਤੇ ਦੂਜੇ ਪਾਸੇ ਸੂਰਜ ਮੰਡਲ ਤੋਂ ਦੂਰ ਹੋਰ ਰੰਗ ਬਰੰਗੀਆਂ ਗਲੈਕਸੀਆਂ ਲੱਭਣ ਦੀਆਂ ਗੱਲਾਂ ਹੋ ਰਹੀਆਂ ਹਨ। ਅਮੀਰਾਂ ਦਾ ਤਾਂ ਪਤਾ ਨਹੀਂ, ਪਰ ਗਰੀਬਾਂ ਲਈ ਭਵਿੱਖ ਨਿਸ਼ਚਿਤ ਹੋ ਚੁੱਕਾ ... ਉਹੀ ਪੁਰਾਣੀ ਕਹਾਣੀ, ਜੇ ਹੜ੍ਹ ਆਵੇ ਤਾਂ ਗਰੀਬ ਰੁੜ੍ਹਨਗੇ ਜੇ ਅੱਗ ਲੱਗੇ ਤਾਂ ਵੀ ਗਰੀਬਾਂ ਦੀਆਂ ਝੁੱਗੀਆਂ ਨੂੰ ਹੀ ਸੇਕ ਲੱਗੂ । ਇਸ ਤਸਵੀਰ ਵਿਚ ਸ਼ਾਇਦ ਹੀ ਕਿਸੇ ਯੁੱਗ ਵਿਚ ਕੋਈ ਤਬਦੀਲੀ ਆਈ ਹੋਵੇ।

ਅਮੀਰਾਂ ਤੇ ਗਰੀਬਾਂ ਵਿਚਾਲੇ ਫ਼ਸੇ ਹਮਾਤ੍ਹੜਾਂ ਲਈ ਸਿਰ ਘੁਮਾਉਣ ਵਾਲੀ ਗੱਲ ਹੈ। ਸ਼ਾਇਦ ਏਸੇ ਲਈ ਏਸ ਸ਼੍ਰੇਣੀ ਦੇ ਬਜੁਰਗ ਨਦੀ ਕਿਨਾਰੇ ਰੁੱਖੜੇ ਵਾਂਗ ਆਖ ਰਹੇ ਕਿ ਚਲੋ ਸਾਡੀ ਤਾਂ ਚੰਗੀ ਲੰਘ ਗਈ ਅੱਗੇ ਕੁਸ਼ ਹੋ ਜੇ ਆਪਾਂ ਨੂੰ ਕੀ .. ! ਬੱਚੇ ਇਹਨਾਂ ਸਾਰੀਆਂ ਗੱਲਾਂ ਤੋਂ ਕੋਹਾਂ ਦੂਰ ਆਪਣੀ ਆਲੀ ਭੋਲੀ ਦੁਨੀਆਂ ਵਿਚ ਮਸਤ ਹਨ। ਨੌਜਵਾਨਾਂ ਲਈ ਸੋਚ ਦਾ ਸਵਿੱਚ ਆਫ਼ ਕਰਨ ਲਈ ਹਰ ਤਰਾਂ ਦੇ ਨਸ਼ਿਆਂ ਦਾ ਹੜ੍ਹ ਆ ਚੁੱਕਾ ਹੈ। ਉਹ ਮਸਤ ਹਨ, ਕਾਮ ਸ਼ਾਸ਼ਤਰ ਅਤੇ ਠੇਕੇ ਦੀ ਲਾਲ ਪਰੀ ਦੀ ਘੁੰਮਣਘੇਰੀ ਵਿਚ।ਆਪਣੇ ਸਾਹਮਣੇ ਸਵਾਲ ਉੱਠਦਾ ਹੈ ਕਿ ਕਰੀਏ ਤਾਂ ਕੀ ਕਰੀਏ ! ਕੀ ਭਾਈ ਵੀਰ ਸਿੰਘ ਵਾਲੀ ਨੀਤੀ ਚੱਲੂ ..ਕੀ ਹੋਇਆ ਤੇ ਕੀਕੂੰ ਹੋਇਆ, ਖਪ ਖਪ ਮੋਏ ਸਿਆਣੇ ..ਹੋਸ਼ਾਂ ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ !
ਸਮਰਜੀਤ ਸਿੰਘ ਸ਼ਮੀ

ਇਹ 'ਟੈਮ' ਕੀ ਬਲਾ ਹੈ ....!

ਯਾਰ ਟਾਈਮ ਸਹੁਰੀ ਦਾ ਪਤਾ ਨਹੀਂ ਕਿਹੜੇ ਖੋਤੇ ਤੇ ਚੜ੍ਹ ਕੇ ਭੂਸਰੀ ਮੱਝ ਵਾਗੂ ਉੱਡਿਆ ਫਿਰਦੈ ... ਕਿਤੇ ਇਕ ਪਲ ਲਈ ਵੀ ਠਹਿਰ ਨਹੀਂ। ਆਪਾਂ ਆਪਣੇ ਕਿੰਨੇ ਕੰਮ ਧੰਦੇ ਇਸ ਲਈ ਛੱਡ ਰੱਖੇ ਹਨ ਕਿ ਚਲੋ ਕਰਲਾਂਗੇ ਜਦ ਟੈਮ ਲੱਗੂ ... ਪਰ .. ਖਵਨੀ ਇਹ ਘੜੀ ਦੀਆਂ ਸੂਈਆਂ ਨੂੰ ਚੱਕੀ ਫਿਰਦੈ ਜਾਂ ਸੂਈਆਂ ਏਹਨੂੰ ਚੱਕੀਂ ਰੈਹਟ ਦੀਆਂ ਟਿੰਡਾਂ ਵਾਂਗੂ ਗੇੜੇ ਦੇਈ ਜਾ ਰਹੀਆਂ ਹਨ। ਬੰਦਾ ਤਾਂ ਇਹਨਾਂ ਸੂਈਆਂ ਦੀ ਧੁਰੀ ਵਿਚ ਇਉਂ ਫਸਿਆ ਰਗੜੇ ਖਾਈ ਜਾ ਰਿਹਾ ਹੈ ਜਿਵੇਂ ਚਿੱਕੜ ਵਿਚ ਖੋਤਾ।

ਮੈਂ ਕਈ ਵਾਰ ਸੋਚਿਆ ਕਿ ਯਾਰ ਹੁਣ ਤਾਂ ਪੰਜਾਬੀ ਦੀ ਇਕ ਕਿਤਾਬ ਦਾ ਮਸਾਲਾ ਲਿਖ ਹੀ ਛੱਡਿਆ ਹੈ, ਛਪਵਾ ਲੈਣੀ ਚਾਹੀਦੀ ਹੈ। ਪਰ ਸੋਚੀਦਾ ਏ ਚੱਲ ਕੱਲ੍ਹ ਕਰਦੇ ਹਾਂ ਕੁਸ਼ .. ਚਲੋ ਇਸ ਹਫ਼ਤੇ ਕੋਈ ਬੰਨ੍ਹਦੇ ਹਾਂ ਬਾਂਨ੍ਹਣੂ ... ਚਲੋ ਕੋਈ ਨੀ ਅਗਲੇ ਮਹੀਨੇ ਸਹੀ ... ਪਰ ਏਸ ਗਧੀਗੇੜ ਵਿਚ ਦੋ ਸਾਲ ਤੋਂ ਵੱਧ ਲੰਘ ਗਏ, ਕਿਤਾਬ ਛਾਪਣ ਵਾਲੀ ਗੱਲ ਕਿਸੇ ਸਿਰੇ ਨਹੀਂ ਲੱਗੀ। ਇਹ ਦਿਲ ਚੋਂ ਚੱਲ ਕੇ ਦਿਲ ਤੱਕ ਦਾ ਸਫਰ ਹੀ ਕਰੀ ਜਾ ਰਹੀ ਹੈ ਲੋਕਲ ਬੱਸ ਵਾਂਗੂ। ਹਾਂ, ਏਨਾ ਜਰੂਰ ਹੈ, ਕੁਝ ਹੋਰ ਮਸਾਲਾ ਵੀ ਕੱਠਾ ਹੋਈ ਜਾ ਰਿਹਾ ਹੈ ਇਸੇ ਕਿਤਾਬ ਲਈ ... ਵਕਤ ਦੀ ਰਫ਼ਤਾਰ ਤਾਂ ਬਹੁਤ ਡਰਾਵਣੀ ਲੱਗ ਰਹੀ ਹੈ। ਨਿਹੰਗਾਂ ਦੀ ਰੇਲ ਵਰਗੀ ਜਿਸਨੂੰ ਉਹ ਭੂਤਨੀ ਆਖਦੇ ਹਨ। ਹੁਣ ਕਿਤਾਬ ਤਾਂ ਪਤਾ ਨਹੀਂ ਕਦ ਛਪੇਗੀ, ਉਦੋਂ ਤੱਕ ਏਸ ਪੰਨੇ ਦੀ ਹਿੱਕ ਤੇ ਆਪਣੇ ਦਿਲ ਦੀਆਂ ਗੱਲਾਂ ਤਾਂ ਕੀਤੀਆਂ ਸਕਦੀਆਂ ਹਨ। ਹਾਂ, ਯਾਰੋ ਜੇ ਤੁਹਾਡੇ ਚੋਂ ਕੋਈ ਏਸ ਪੰਨੇ ਤੇ ਆਵੇ ਤੇ ਇਸ ਇਬਾਰਤਾਂ ਪੜ੍ਹੇ ਤਾਂ ਯਾਰ ਏਸ ਸਮੇਂ ਦੀ ਬੁੱਕਲ ਦਾ ਰਹੱਸ ਜਰੂਰ ਦੱਸਿਓ। ਆਖਿਰ ਇਹ ਬਲਾ ਹੈ ਕੀ; ਕੋਈ ਏਸਨੂੰ ਦਰਿਆ, ਕੋਈ ਹਵਾ, ਕੋਈ ਸੁਪਨਾ, ਕੋਈ ਛਲਾਵਾ ਆਖਦਾ ਹੈ ... ਏਹ ਤਾਂ ਠੀਕ ਨਹੀਂ।

ਕਈ ਵਾਰ ਸੁਪਨੇ ਅਤੇ ਸੱਚ ਦਾ ਅੰਤਰ ਦੱਸਣਾ ਵੀ ਡਾਹਢਾ ਭਾਰਾ ਕੰਮ ਸਾਬਤ ਹੋ ਜਾਂਦਾ ਹੈ, ਕਿਉਂਕਿ ਕਈ ਸੁੱਤੇ ਹੋਏ ਵੀ ਜਾਗਦੇ ਹਨ ਤੇ ਕਈ ਜਾਗਦੇ ਹੋਏ ਵੀ ਸੁੱਤੇ ਰਹਿੰਦੇ ਹਨ, ਹੁਣ ਦੋਹਾਂ ਲਈ ਕਿਹੜੀ ਗੱਲ ਸੁਪਨਾ ਹੈ ਤੇ ਕਿਹੜੀ ਸੱਚ, ਕੌਣ ਜਾਣੇ!ਬਹਰਹਾਲ, ਆਪਾਂ ਵੀ ਆਪਣੇ ਕੰਮ ਤੇ ਲੱਗੇ ਰਹੀਏ, ਹੋਰਨਾਂ ਜੀਵ ਜੰਤੂਆਂ ਵਾਂਗੂੰ, ਰੋਟੀ ਟੁੱਕ ਦਾ ਜੁਗਾੜ ਕਰਨ ਵਿਚ, ਫਿਰ ਮਿਲਾਂਗੇ ਇੱਥੇ ਹੀ।

ਰੱਖ ਰਾਖਾ!
ਸਮਰਜੀਤ ਸਿੰਘ ਸ਼ਮੀ